
ਅੰਮ੍ਰਿਤਸਰ : ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੌਰਾਨ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਵੱਡੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਦੋ ਵੱਖ-ਵੱਖ ਮਾਡਿਊਲਾਂ ਅੰਤਰਰਾਸ਼ਟਰੀ ਨਾਰਕੋ ਆਰਮਜ਼ ਮਾਡਿਊਲ ਤੇ ਅੰਤਰਰਾਜੀ ਨਾਰਕੋ ਹਵਾਲਾ ਸਿੰਡੀਕੇਟ ਨਾਲ ਸਬੰਧਤ 9 ਮੁਲਜ਼ਮਾਂ ਨੂੰ 1.15 ਕਿੱਲੋ ਹੈਰੋਇਨ, ਪੰਜ ਆਧੁਨਿਕ ਪਿਸਤੌਲਾਂ ਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਮਾਡਿਊਲਾਂ ਦਾ ਪਰਦਾਫਾਸ਼ ਕਰਨ ਦੀ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਦਿੱਤੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਸਿੰਘ ਚੌਹਾਨ ਉਰਫ਼ ਕਾਲੂ (26) ਵਾਸੀ ਪਿੰਡ ਸੋਖਾ ਭੈਣੀ, ਬਰਨਾਲਾ, ਹਰਪ੍ਰੀਤ ਸਿੰਘ ਉਰਫ਼ ਹੈਪੀ (25) ਵਾਸੀ ਪਿੰਡ ਭੋਲੋਕੇ ਗੁਰਦਾਸਪੁਰ, ਤੇਜਬੀਰ ਸਿੰਘ ਉਰਫ਼ ਤੇਜੀ (21) ਵਾਸੀ ਪਿੰਡ ਬਸਤੀ ਲਾਲ ਸਿੰਘ ਤਰਨਤਾਰਨ, ਦਾਨਿਸ਼ ਉਰਫ਼ ਗੱਗੂ (19) ਵਾਸੀ ਦਸ਼ਮੇਸ਼ ਨਗਰ ਨਗਰ, ਅੰਮ੍ਰਿਤਸਰ, ਸਲੋਨੀ (19) ਵਾਸੀ ਕੋਟ ਖਾਲਸਾ, ਅੰਮ੍ਰਿਤਸਰ, ਜੋਬਨਪ੍ਰੀਤ ਸਿੰਘ ਉਰਫ ਜੋਬਨ (28) ਵਾਸੀ ਪਿੰਡ ਮੇਹਰਬਾਨਪੁਰਾ, ਅੰਮ੍ਰਿਤਸਰ, ਕੁਲਵਿੰਦਰ ਸਿੰਘ (28) ਵਾਸੀ ਪਿੰਡ ਕੱਕਾ, ਲੁਧਿਆਣਾ, ਅਬਦੁਲ ਰਹਿਮਾਨ (45) ਤੇ ਪ੍ਰਦੀਪ ਪਿੰਟੂ (44) ਦੋਵੇਂ ਵਾਸੀ ਕਰਨਾਟਕ ਵਜੋਂ ਹੋਈ ਹੈ। ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਸ ਸਬੰਧੀ ਅੰਮ੍ਰਿਤਸਰ ਦੇ ਥਾਣਾ ਸਦਰ ਅਤੇ ਇਸਲਾਮਾਬਾਦ ਵਿਖੇ ਦੋ ਵੱਖ-ਵੱਖ ਐੱਫਆਈਆਰਜ਼ ਦਰਜ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੂਰੇ ਤਸਕਰੀ ਮਾਡਿਊਲ ਦਾ ਪਰਦਾਫਾਸ਼ ਕਰਨ ਲਈ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਵਾਸਤੇ ਹੋਰ ਜਾਂਚ ਜਾਰੀ ਹੈ। ਪਹਿਲੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਕਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਨਾਰਕੋ-ਆਰਮਜ਼ ਮਾਡਿਊਲ ’ਚ ਸ਼ਾਮਲ ਤਿੰਨ ਵਿਅਕਤੀਆਂ ਜਸਪ੍ਰੀਤ, ਹਰਪ੍ਰੀਤ ਤੇ ਤੇਜਬੀਰ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਕਿੱਲੋਗ੍ਰਾਮ ਹੈਰੋਇਨ, ਪੰਜ ਆਧੁਨਿਕ ਪਿਸਤੌਲਾਂ ਤਿੰਨ 9 ਐੱਮਐੱਮ ਗਲੌਕ ਤੇ ਦੋ .30 ਬੋਰ ਚੀਨੀ ਪਿਸਤੌਲ ਸਮੇਤ ਕਾਰਤੂਸ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋ ਮੁਲਜ਼ਮ ਜਸਪ੍ਰੀਤ ਤੇ ਹਰਪ੍ਰੀਤ ਹਾਲ ਹੀ ’ਚ ਮਲੇਸ਼ੀਆ ਤੋਂ ਵਾਪਸ ਆਏ ਸਨ ਅਤੇ ਮਲੇਸ਼ੀਆ ਤੇ ਪਾਕਿਸਤਾਨ ’ਚ ਆਪਣੇ ਹੈਂਡਲਰਾਂ ਦੇ ਸੰਪਰਕ ’ਚ ਸਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਦੋਸਤ ਤੇਜਬੀਰ ਨਾਲ ਅੰਮ੍ਰਿਤਸਰ ਖੇਤਰ ’ਚ ਆਏ ਸਨ ਅਤੇ ਉਨ੍ਹਾਂ ਆਪਣੇ ਹੈਂਡਲਰਾਂ ਦੇ ਨਿਰਦੇਸ਼ਾਂ ਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਦੀ ਖੇਪ ਪ੍ਰਾਪਤ ਕੀਤੀ ਸੀ। ਉਨ੍ਹਾਂ ਦੱਸਿਆ ਕਿ ਇਹ ਹਥਿਆਰ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਅਪਰਾਧਿਕ ਤੱਤਾਂ ਨੂੰ ਡਲੀਵਰ ਕੀਤੇ ਜਾਣੇ ਸਨ। ਦੂਜੇ ਆਪ੍ਰੇਸ਼ਨ ਬਾਰੇ ਜਾਣਕਾਰੀ ਦਿੰਦਿਆਂ ਸੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਦਿੱਲੀ, ਕਰਨਾਟਕ ਤੇ ਦੁਬਈ ਨਾਲ ਸਬੰਧਤ ਨਾਰਕੋ ਹਵਾਲਾ ਨੈੱਟਵਰਕ ’ਚ ਸ਼ਾਮਲ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ’ਚੋਂ 9.7 ਲੱਖ ਰੁਪਏ ਦੀ ਡਰੱਗ ਮਨੀ ਤੇ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਅਬਦੁਲ ਰਹਿਮਾਨ ਤੇ ਪ੍ਰਦੀਪ ਪਿੰਟੂ, ਜੋ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਗ਼ੈਰ-ਕਾਨੂੰਨੀ ਚੈਨਲਾਂ ਰਾਹੀਂ ਦੁਬਈ ਭੇਜਦੇ ਸਨ, ਵੱਲੋਂ ਚਲਾਏ ਜਾ ਰਹੇ ਸੰਗਠਿਤ ਹਵਾਲਾ ਸਿੰਡੀਕੇਟ ਦਾ ਹਿੱਸਾ ਸਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ ਤੇ ਆਉਣ ਵਾਲੇ ਦਿਨਾਂ ’ਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।



