Punjab

1 ਸਤੰਬਰ ਤੋਂ ਭਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ ਕਰੇਗੀ CISF

ਬੋਰਡ ਆਫਿਸ ’ਚ ਇਸ ਸਬੰਧੀ ਕੀਤੀ ਗਈ ਅਹਿਮ ਮੀਟਿੰਗ

ਨੰਗਲ, , 13 ਅਗਸਤ : ਪੰਜਾਬ ਤੇ ਹਰਿਆਣਾ ਵਿਚਾਲੇ ਲੰਬੇ ਸਮੇਂ ਤੋਂ ਭਖੇ ਹੋਏ ਪਾਣੀਆਂ ਦੇ ਮੁੱਦੇ ’ਚ ਹੁਣ ਨਵਾਂ ਮੋੜ ਆ ਗਿਆ ਹੈ। ਜਾਣਕਾਰੀ ਮੁਤਾਬਕ ਇਕ ਸਤੰਬਰ ਤੋਂ ਸੀਆਈਐੱਸਐੱਫ ਨੂੰ ਭਾਖੜਾ ਡੈਮ ਦੀ ਸੁਰੱਖਿਆ ਦਾ ਜਿੰਮਾ ਦਿੱਤਾ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਸੀਆਈਐੱਸਐੱਫ ਨੂੰ ਨੰਗਲ ਡੈਮ ਤੇ ਭਾਖੜਾ ਡੈਮ ਦੀ ਸੁਰੱਖਿਆ ਲਈ ਤਾਇਨਾਤ ਕਰਨ ’ਤੇ ਖਰਚੇ ਵਜੋਂ ਆਪਣੇ ਹਿੱਸੇ ਦੇ ਪੈਸੇ ਦੇਣ ਤੋਂ ਇਨਕਾਰ ਕੀਤਾ ਗਿਆ ਸੀ ਪਰ ਦੂਜੇ ਪਾਸੇ ਭਾਖੜਾ ਬਿਆਸ ਪ੍ਰਬੰਧਨ ਬੋਰਡ ਨੇ ਇਹ ਰਕਮ ਅਦਾ ਕਰ ਦਿੱਤੀ ਸੀ। ਇਸ ਅਦਾਇਗੀ ਨਾਲ ਕੇਂਦਰੀ ਰਿਜ਼ਰਵ ਫੋਰਸ ਨੂੰ ਭਾਖੜਾ ਤੇ ਨੰਗਲ ਡੈਮ ਦੀ ਸੁਰੱਖਿਆ ਜ਼ਿੰਮੇਵਾਰੀ ਮਿਲਣ ਦਾ ਰਾਹ ਪੱਧਰਾ ਹੋ ਗਿਆ ਹੈ।  ਇਸ ਸਬੰਧੀ ਸੋਮਵਾਰ ਨੂੰ ਸੀਆਈਐੱਸਐੱਫ ਦੇ ਉੱਚ ਅਧਿਕਾਰੀਆਂ ਨੇ ਨੰਗਲ ਤੇ ਭਾਖੜਾ ਡੈਮ ਦਾ ਵਿਸ਼ੇਸ਼ ਦੌਰਾ ਕੀਤਾ ਗਿਆ ਸੀ। ਅਧਿਕਾਰੀਆਂ ਨੇ ਡੈਮ ਤੇ ਬੀਬੀਐੱਮਬੀ ਦੀ ਰਿਹਾਇਸ਼ੀ ਕਾਲੋਨੀ ਦੇ ਵੱਖ-ਵੱਖ ਬਲਾਕਾਂ, ਜਿਨ੍ਹਾਂ ’ਚ ਬੀਬੀਐੱਮਬੀ ਵੱਲੋਂ ਸੀਆਈਐੱਸਐੱਫ ਦੇ ਜਵਾਨਾਂ ਦੇ ਰਹਿਣ ਲਈ ਪ੍ਰਬੰਧ ਕੀਤੇ ਗਏ ਹਨ, ਉਨ੍ਹਾਂ ਦਾ ਦੌਰਾ ਕੀਤਾ ਸੀ। ਇਸ ਉਪਰੰਤ ਭਾਖੜਾ ਡੈਮ ਦਾ ਵੀ ਉੱਚ ਅਧਿਕਾਰੀਆਂ ਨੇ ਦੌਰਾ ਕੀਤਾ ਤੇ ਸਮੁੱਚੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਸੂਤਰਾਂ ਅਨੁਸਾਰ ਮੰਗਲਵਾਰ ਨੂੰ ਬੋਰਡ ਆਫਿਸ ’ਚ ਮੀਟਿੰਗ ਵੀ ਹੋਈ ਅਤੇ ਇਸ ਨੂੰ ਅਮਲ ’ਚ ਲਿਆਉਣ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ। ਸੀਆਈਐੱਸਐੱਫ ਦੇ ਉੱਚ ਅਧਿਕਾਰੀਆਂ ’ਚ ਕਮਾਂਡੈਂਟ ਲਲਿਤ ਤੋਮਰ, ਡਿਪਟੀ ਕਮਾਂਡੈਂਟ ਵਿਸ਼ਾਲ ਬਾਂਸਲ ਤੋਂ ਇਲਾਵਾ ਬੀਬੀਐੱਮਬੀ ਦੇ ਡਿਪਟੀ ਡਾਇਰੈਕਟਰ ਸੁਰੱਖਿਆ ਓਮਵੀਰ, ਐਕਸੀਅਨ ਨੰਗਲ ਟਾਊਨਸ਼ਿਪ ਸੁਰਿੰਦਰ ਧੀਮਾਨ ਅਤੇ ਪਾਰਸ ਮਿੱਤਲ ਵੀ ਹਾਜ਼ਰ ਸਨ।

ਪੰਜਾਬ ਸਰਕਾਰ ਨੇ ਕੋਈ ਪੈਸਾ ਜਮ੍ਹਾਂ ਨਹੀਂ ਕਰਵਾਇਆ : ਡਾ. ਸੰਜੀਵ ਗੌਤਮ

ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸ੍ਰੀ ਗੁਰੂ ਰਵਿਦਾਸ ਆਯੁਰਵੈਦਿਕ ਯੂਨੀਵਰਸਿਟੀ ਦੇ ਡਾ. ਸੰਜੀਵ ਗੌਤਮ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੀਆਈਐੱਸਐੱਫ ਦੇ ਨੰਗਲ ਆਉਣ ਦਾ ਵਿਧਾਨ ਸਭਾ ਤੇ ਸ਼ਹਿਰੀ ਪੱਧਰ ’ਤੇ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੀਆਈਐੱਸਐੱਫ ਦੀ ਤਾਇਨਾਤੀ ਕਾਰਨ ਸ਼ਹਿਰੀਆਂ ਨੂੰ ਕੋਈ ਨੁਕਸਾਨ ਨਹੀਂ ਹੈ ਪਰ ਕੇਂਦਰ ਸਰਕਾਰ ਜਾਣਬੁੱਝ ਕੇ ਪੰਜਾਬ ਦੇ ਟੁਕੜੇ ਕਰ ਕੇ ਕਬਜ਼ਾ ਕਰਨਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਸਪਸ਼ਟ ਹੈ ਕਿ ਪੰਜਾਬ ਸਰਕਾਰ ਨੇ ਪੈਸਾ ਜਮ੍ਹਾਂ ਨਹੀਂ ਕਰਵਾਇਆ ਅਤੇ ਜੋ ਪੈਸਾ ਬੀਬੀਐੱਮਬੀ ਨੇ ਜਮ੍ਹਾਂ ਕਰਵਾਇਆ ਹੈ, ਉਹ ਪੈਸਾ ਇਕ ਮਹੀਨੇ ਲਈ ਦਿੱਤਾ ਗਿਆ ਹੈ ਅਤੇ ਅੱਗੇ ਦੇਖਿਆ ਜਾਵੇਗਾ ਕਿ ਅਗਲੇ ਮਹੀਨੇ ਪੈਸੇ ਕੌਣ ਜਮ੍ਹਾਂ ਕਰਵਾਏਗਾ।

ਕੀ ਹੈ ਵਿਉਂਤਬੰਦੀ

ਇਸ ਸਬੰਧੀ ਭਾਵੇਂ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਪਰ ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪੈਸਕੋ ਵਿਚਲੇ ਮੁਲਾਜ਼ਮਾਂ ਨੂੰ ਜੋ ਮਕਾਨ ਦਿੱਤੇ ਜਾਣੇ ਸਨ, ਉਨ੍ਹਾਂ ਦੀ ਅਲਾਟਮੈਂਟ ਇਕ ਮਹੀਨੇ ਲਈ ਰੋਕ ਲਈ ਗਈ ਹੈ ਅਤੇ ਉਨ੍ਹਾਂ ਮਕਾਨਾਂ ’ਚ ਆਉਣ ਵਾਲੇ ਮੁਲਾਜ਼ਮਾਂ ਨੂੰ ਰੱਖਿਆ ਜਾਵੇਗਾ। ਇਸੇ ਦੌਰਾਨ ਹੀ ਡਬਲ-ਸੀ ਬਲਾਕ ਦੇ ਮਕਾਨਾਂ ਦੀ ਮੁਰੰਮਤ ਕੀਤੀ ਜਾਵੇਗੀ ਜੋ ਕਿ ਪੱਕੇ ਤੌਰ ’ਤੇ ਸੀਆਈਐੱਸਐੱਫ ਦੇ ਮੁਲਾਜ਼ਮਾਂ ਨੂੰ ਦਿੱਤੇ ਜਾਣਗੇ।

Related Articles

Leave a Reply

Your email address will not be published. Required fields are marked *

Back to top button