
ਜਲੰਧਰ, 16 ਅਪ੍ਰੈਲ-ਪ੍ਰਸਿੱਧ ਸੂਫੀ ਗਾਇਕ, ਪੱਛਮੀ ਦਿੱਲੀ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਹੰਸ ਰਾਜ ਹੰਸ ਦੀ ਧਰਮ ਪਤਨੀ ਤੇ ਗਾਇਕ ਨਵਰਾਜ ਹੰਸ ਤੇ ਯੁਵਰਾਜ ਹੰਸ ਦੇ ਮਾਤਾ ਰੇਸ਼ਮ ਕੌਰ (60) ਬੁੱਧਵਾਰ (2 ਅਪ੍ਰੈਲ) ਨੂੰ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਇਸ ਕਾਰਨ ਕਈ ਵੱਡੀਆਂ ਹਸਤੀਆਂ ਦਾ ਹੰਸ ਰਾਜ ਹੰਸ ਦੇ ਘਰ ਆਉਣਾ ਜਾਣਾ ਲੱਗਾ ਹੋਇਆ ਹੈ। ਹਾਲ ਹੀ ‘ਚ ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਵੀ ਹੰਸ ਰਾਜ ਹੰਸ ਦੇ ਘਰ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਰੇਸ਼ਮ ਕੌਰ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ ਅਤੇ ਉਨ੍ਹਾਂ ਨੂੰ ਨਿੱਘੀ ਸ਼ਰਧਾਂਜਲੀ ਦਿੱਤੀ। ਦੱਸ ਦਈਏ ਕਿ ਰੇਸ਼ਮ ਕੌਰ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। 60 ਸਾਲ ਦੀ ਰੇਸ਼ਮ ਕੌਰ ਦਿਲ ਦੀ ਬਿਮਾਰੀ ਤੋਂ ਪੀੜਤ ਸਨ। ਉਨ੍ਹਾਂ ਨੇ ਜਲੰਧਰ ਦੇ ਟੈਗੋਰ ਹਸਪਤਾਲ ’ਚ ਆਖ਼ਰੀ ਸਾਲ ਲਏ। ਬੁੱਧਵਾਰ ਦੁਪਹਿਰ 1 ਵਜੇ ਦੇ ਕਰੀਬ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਰੇਸ਼ਮ ਕੌਰ ਨਮਿਤ ਅੰਤਿਮ ਰਸਮਾਂ ਉਨ੍ਹਾਂ ਦੇ ਸਪੁੱਤਰ ਨਵਰਾਜ ਹੰਸ ਤੇ ਯੁਵਰਾਜ ਹੰਸ ਵੱਲੋਂ ਨਿਭਾਈਆਂ ਗਈਆਂ ਸਨ। ਇਸ ਮੌਕੇ ਕ੍ਰਿਕਟਰ ਸ਼ਿਖਰ ਧਵਨ, ਬਾਲੀਵੁੱਡ ਗਾਇਕ ਮਾਸਟਰ ਸਲੀਮ, ਉਸਤਾਦ ਪੂਰਨ ਸ਼ਾਹਕੋਟੀ, ਸਾਬਕਾ ਮੈਂਬਰ ਪਾਰਲੀਮੈਂਟ ਮੁਹੰਮਦ ਸਦੀਕ, ਜਲੰਧਰ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਸਾਬਕਾ ਵਿਧਾਇਕ ਕੇਡੀ ਭੰਡਾਰੀ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਅਕਾਲੀ ਆਗੂ ਦਲਜੀਤ ਸਿੰਘ ਚੀਮਾ, ਰੰਜਨ ਰੋਮੀ, ਮੰਗੀ ਮਾਹਲ, ਖ਼ਾਨ ਸਾਹਿਬ, ਅਮਰ ਨੂਰੀ, ਪ੍ਰਭ ਗਿੱਲ, ਜੱਸੀ ਗਿੱਲ, ਬੱਬਲ ਰਾਏ, ਪ੍ਰਵੇਜ਼ ਪੇਜੀ, ਰਮੇਸ਼ ਆਲਮ, ਰੂਪ ਲਾਲ ਮਕਬੂਲ, ਦੀਪਕ ਹੰਸ,ਦਲਜੀਤ ਹੰਸ, ਭਾਜਪਾ ਆਗੂ ਬੀਬੀ ਕਰਮਜੀਤ ਕੌਰ ਆਦਿ ਨੇ ਰੇਸ਼ਮ ਕੌਰ ਨੂੰ ਅੰਤਿਮ ਵਿਦਾਇਗੀ ਦਿੱਤੀ ਸੀ।



