Punjab

ਹੜ੍ਹ ’ਚ ਫ਼ਸੇ ਲੋਕਾਂ ਲਈ ਸੰਕਟਮੋਚਨ ਬਣੀ ਭਾਰਤੀ ਸੈਨਾ

ਹੈਲੀਕਾਪਟਰਾਂ ਰਾਹੀਂ ਹਜ਼ਾਰਾਂ ਪੈਕੇਟ ਰਾਹਤ ਸਮੱਗਰੀ ਕਰਵਾਈ ਮੁਹੱਈਆ

ਅੰਮ੍ਰਿਤਸਰ, 31 ਅਗਸਤ : ਆਪ੍ਰੇਸ਼ਨ ਸਿੰਦੂਰ ਦੌਰਾਨ ਪਾਕਿਸਤਾਨ ਨੂੰ ਗੋਢਿਆਂ ’ਤੇ ਲਿਆਉਣ ਵਾਲੀ ਭਾਰਤੀ ਸੈਨਾ ਹੁਣ ਕੁਦਰਤੀ ਆਫ਼ਤ ਵਿਚ ਸੰਕਟਮੋਚਨ ਬਣ ਗਈ ਹੈ। ਜਿਨ੍ਹਾਂ ਸਰਹੱਦੀ ਜ਼ਿਲ੍ਹਿਆਂ ਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਸੈਨਾ ਨੇ ਸੁਰੱਖਿਅਤ ਕੱਢਿਆ, ਉੱਥੇ ਹੁਣ ਹੜ੍ਹ ਵਿਚ ਫਸੇ ਲੋਕਾਂ ਲਈ ਰਾਖੀ ਬਣ ਗਈ ਹੈ। ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ ਤੇ ਅੰਮ੍ਰਿਤਸਰ ਵਿਚ ਬੀਐੱਸਐੱਫ਼ ਦੇ ਜਵਾਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਲਈ 69 ਹੈਲੀਕਾਪਟਰ, 45 ਵਾਟਰ ਵਿੰਗ ਤੇ 30 ਗੱਡੀਆਂ ਦੇ ਨਾਲ ਰਾਹਤ ਕਾਰਜਾਂ ਵਿਚ ਲੱਗੇ ਹੋਏ ਹਨ। ਸ਼ਨਿਚਰਵਾਰ ਨੂੰ ਰਾਹਤ ਮੁਹਿੰਮ ਦੌਰਾਨ ਬੀਐੱਸਐੱਫ਼ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਖੁਰਾਕ ਤੇ ਰਾਸ਼ਨ ਸਮੱਗਰੀ ਦੇ ਹਜ਼ਾਰਾਂ ਪੈਕੇਟ ਮੁਹੱਈਆ ਕਰਵਾਏ। ਹੈਲੀਕਾਪਟਰ ਦੀ ਮਦਦ ਨਾਲ ਉਨ੍ਹਾਂ ਪਿੰਡਾਂ ਤੱਕ ਰਾਹਤ ਸਮੱਗਰੀ ਪਹੁੰਚਾਈ ਗਈ, ਜਿੱਥੇ ਕਈ ਦਿਨਾਂ ਤੋਂ ਗ੍ਰਾਮੀਣ ਘਰਾਂ ਵਿਚ ਫਸੇ ਹੋਏ ਹਨ। ਇਨ੍ਹਾਂ ਜ਼ਿਲ੍ਹਿਆਂ ਵਿਚ ਰਾਵੀ, ਬਿਆਸ ਤੇ ਸਤਲੁਜ ਦਰਿਆ ਦੇ ਲਗਾਤਾਰ ਵੱਧਦੇ ਪਾਣੀ ਤੇ ਸੜਕ ਸੰਪਰਕ ਤੋੜਨ ਕਾਰਨ ਸਰਕਾਰੀ ਅਮਲਾ ਨਹੀਂ ਪਹੁੰਚ ਪਾ ਰਿਹਾ ਹੈ। ਅੰਮ੍ਰਿਤਸਰ ਵਿਚ ਰਾਵੀ ਦਰਿਆ ਦਾ ਪਾਣੀ 24 ਕਿਲੋਮੀਟਰ ਦੂਰ ਅਜਨਾਲਾ ਤੱਕ ਪਹੁੰਚ ਗਿਆ ਹੈ। ਪਾਣੀ ਦੀ ਲਪੇਟ ਵਿਚ 50 ਤੋਂ ਵੱਧ ਪਿੰਡ ਆ ਚੁੱਕੇ ਹਨ। ਰਮਦਾਸ, ਅਜਨਾਲਾ, ਗੱਗੋਮਾਹਲ, ਥੋਬਾ ਆਦਿ ਪਿੰਡਾਂ ਵਿਚ 3 ਤੋਂ 7 ਫੀਟ ਤੱਕ ਪਾਣੀ ਭਰਿਆ ਹੋਇਆ ਹੈ। ਪਾਣੀ ਵਿਚ ਘਿਰੇ ਇਨ੍ਹਾਂ ਪਿੰਡਾਂ ਦੇ ਲੋਕ ਪੀਣ ਵਾਲੇ ਪਾਣੀ ਨੂੰ ਵੀ ਤਰਸ ਰਹੇ ਹਨ। ਹਾਲਾਂਕਿ ਬੀਐੱਸਐੱਫ਼ ਦੇ ਜਵਾਨ ਦਿਨ ਰਾਤ ਬਚਾਅ ਕਾਰਜ ਵਿਚ ਲੱਗੇ ਹੋਏ ਹਨ। ਦਰਅਸਲ, ਅਜਨਾਲਾ ਦੇ ਦਰਜਨਾਂ ਪਿੰਡ ਟਾਪੂ ਵਿਚ ਬਦਲ ਚੁੱਕੇ ਹਨ। ਹੈਲੀਕਾਪਟਰ ਦੀ ਸਹਾਇਤਾ ਨਾਲ ਉਨ੍ਹਾਂ ਪਿੰਡਾਂ ਵਿਚ ਫਸੇ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਗਿਆ, ਜੋ ਪੰਜ ਦਿਨਾਂ ਤੋਂ ਪਾਣੀ ਵਿਚ ਫਸੇ ਹੋਏ ਹਨ। ਰਾਹਤ ਸਮੱਗਰੀ ਵਿਚ ਆਟਾ, ਚੌਲ, ਦਾਲ, ਨਮਕ ਅਤੇ ਹੋਰ ਜਰੂਰੀ ਖੁਰਾਕ ਸਮੱਗਰੀ ਸ਼ਾਮਲ ਸੀ।

ਰਾਸ਼ਨ ਦੇ ਨਾਲ ਡਾਕਟਰੀ ਸਹੂਲਤ ਵੀ ਦੇ ਰਹੇ ਬੀਐੱਸਐੱਫ਼ ਦੇ ਜਵਾਨ

ਸ਼ਨਿਚਰਵਾਰ ਨੂੰ ਫ਼ੌਜੀ ਬਲਾਂ ਨੇ ਅਜਨਾਲਾ ਦੇ ਵੱਖ-ਵੱਖ ਪਿੰਡਾਂ ਵਿਚ ਫਸੇ ਲੋਕਾਂ ਨੂੰ ਘਰਾਂ ਤੋਂ ਕੱਢ ਕੇ ਸੁਰੱਖਿਅਤ ਸਥਾਨਾਂ ’ਤੇ ਪਹੁੰਚਾਇਆ। ਬੀਐੱਸਐੱਫ਼ ਦੇ ਜਵਾਨ ਬੇੜੀਆਂ ਰਾਹੀਂ ਪਿੰਡਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਸਥਾਨਾਂ ’ਤੇ ਲੈ ਜਾ ਰਹੇ ਹਨ। ਸੈਨਾ ਦੀਆਂ ਮੈਡੀਕਲ ਟੀਮਾਂ ਵੀ ਭੇਜੀਆਂ ਗਈਆਂ ਹਨ। ਇਹ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਡਾਕਟਰੀ ਸਹਾਇਤਾ ਮੁਹੱਈਆ ਕਰ ਰਹੀਆਂ ਹਨ। ਫ਼ੌਜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰ ਤਰ੍ਹਾਂ ਦੇ ਰਾਹਤ ਕਾਰਜਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਤੇ ਕਿਸੇ ਵੀ ਕਿਸਮ ਦੀ ਅਸੁਵਿਧਾ ਤੋਂ ਬਚਣ ਲਈ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

ਡੀ.ਆਈ.ਜੀ. ਬਿਰਦੀ ਨੇ ਖ਼ੁਦ ਸੰਭਾਲੀ ਕਮਾਨ

ਗੁਰਦਾਸਪੁਰ ਦੇ 12 ਪਿੰਡਾਂ ਵਿਚ ਹੈਲੀਕਾਪਟਰ ਰਾਹੀਂ ਰਾਸ਼ਨ ਦੇ ਬੈਗ ਪਹੁੰਚਾਏ ਗਏ। ਬੀਐੱਸਐੱਫ਼ ਗੁਰਦਾਸਪੁਰ ਦੇ ਡੀ.ਆਈ.ਜੀ. ਜੇ ਕੇ ਬਿਰਦੀ ਖ਼ੁਦ ਹੈਲੀਕਾਪਟਰ ਵਿਚ ਸਵਾਰ ਹੋ ਕੇ ਰਾਹਤ ਕਾਰਜਾਂ ਵਿਚ ਲੱਗੇ। ਡੀ.ਆਈ.ਜੀ. ਬਿਰਦੀ ਨੇ ਦੱਸਿਆ ਕਿ ਸ਼ਹਜ਼ਾਦਾ, ਮਛਵਾਲ, ਰੂੜੇਵਾਲਾ, ਮੁਹੰਮਦ, ਤਾਲਿਬਪੁਰ, ਸਿੰਘੋਕੇ, ਪਾਸੀਆ, ਜੱਟਾਂ ਆਦਿ ਪਿੰਡਾਂ ਵਿਚ 20-20 ਕਿਲੋ ਰਾਸ਼ਨ ਦੇ ਬੈਗ ਸੁੱਟੇ ਗਏ। ਉਨ੍ਹਾਂ ਨੇ ਦੱਸਿਆ ਕਿ ਇਕ ਹੈਲੀਕਾਪਟਰ ਵਿਚ 10 ਤੋਂ 12 ਲੋਕਾਂ ਨੂੰ ਉਨ੍ਹਾਂ ਦੇ ਸਮਾਨ ਸਮੇਤ ਸੁਰੱਖਿਅਤ ਲਿਆ ਗਿਆ।

ਫਿਰੋਜ਼ਪੁਰ ’ਚ ਲੋਕਾਂ ਨੂੰ ਸੁਰੱਖਿਅਤ ਕੱਢਿਆ, ਬੰਨ੍ਹ ਨੂੰ ਮਜ਼ਬੂਤ ਕਰ ਕੇ ਪਾਣੀ ਅੱਗੇ ਵਧਣ ਤੋਂ ਰੋਕਿਆ

ਫਿਰੋਜ਼ਪੁਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਸਤਲੁਜ ਦਰਿਆ ਦੀ ਲਪੇਟ ਵਿਚ ਆਏ ਪਿੰਡਾਂ ਵਿਚ ਵੀ ਬੀਐੱਸਐੱਫ਼ ਤੇ ਸੈਨਾ ਦੇ ਜਵਾਨ ਰਾਹਤ ਕਾਰਜਾਂ ’ਚ ਲੱਗੇ ਹੋਏ ਹਨ। ਸ਼ਨਿਚਰਵਾਰ ਨੂੰ ਹੜ੍ਹ ਦੇ ਖਤਰੇ ਨੂੰ ਦੇਖਦਿਆਂ ਫਿਰੋਜ਼ਪੁਰ ਦੇ ਪਿੰਡ ਹਬੀਬਕੇ ਦੇ ਐਲਐਮਬੀ ਬੰਨ੍ਹ ਨੂੰ ਸੈਨਾ ਦੇ ਜਵਾਨਾਂ ਨੇ ਮਜ਼ਬੂਤ ਕੀਤਾ।

Related Articles

Leave a Reply

Your email address will not be published. Required fields are marked *

Back to top button