Punjab

ਹੋਟਲ ਵਿਚ ਚੱਲ ਰਹੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼

6 ਲੜਕੀਆਂ ਨੂੰ ਕੀਤਾ ਰੈਸਕਿਊ

ਜ਼ੀਰਕਪੁਰ, 7 ਜਨਵਰੀ : ਜ਼ੀਰਕਪੁਰ ਪੁਲਿਸ ਵੱਲੋਂ ਏਐੱਸਪੀ ਗਜ਼ਲਪ੍ਰੀਤ ਕੌਰ (ਆਈਪੀਐੱਸ) ਦੀ ਅਗਵਾਈ ਹੇਠ ਬਲਟਾਣਾ ਖੇਤਰ ਦੇ ਹੋਟਲ ਕੰਗਨਾ ਐੱਨ-2 ਵਿਚ ਛਾਪਾ ਮਾਰ ਕੇ ਦੇਹ ਵਪਾਰ ਦੇ ਗੋਰਖ ਧੰਦੇ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਗਈ ਹੈ। ਛਾਪੇ ਦੌਰਾਨ ਪੁਲਿਸ ਨੇ ਹੋਟਲ ਸੰਚਾਲਕ ਨੂੰ ਕਾਬੂ ਕਰ ਲਿਆ, ਜਦਕਿ ਮੌਕੇ ਤੋਂ ਛੇ ਲੜਕੀਆਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਕੀਤਾ ਗਿਆ। ਏ.ਐੱਸ.ਪੀ. ਗਜ਼ਲਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਹੋਟਲ ਕੰਗਨਾ ਐੱਨ-2 ਵਿਚ ਨਾਜਾਇਜ਼ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ। ਇਸ ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪਾ ਮਾਰਿਆ, ਜਿੱਥੇ ਜਾਂਚ ਦੌਰਾਨ ਗੰਭੀਰ ਬੇਨਿਯਮੀਆਂ ਸਾਹਮਣੇ ਆਈਆਂ ਹਨ ਅਤੇ ਹੋਟਲ ਵਿਚ ਕਾਫ਼ੀ ਮਾਤਰਾ ਵਿਚ ਇਤਰਾਜ਼ਯੋਗ ਸਾਮਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੌਕੇ ਤੋਂ ਬਚਾਈਆਂ ਗਈਆਂ ਲੜਕੀਆਂ ਨੂੰ ਪੁਲਿਸ ਸੁਰੱਖਿਆ ਹੇਠ ਲਿਆਂਦਾ ਗਿਆ ਹੈ ਅਤੇ ਮਾਮਲੇ ਦੀ ਪੂਰੀ ਜਾਂਚ ਕੀਤੀ ਜਾ ਰਹੀ ਹੈ। ਨਿਯਮਾਂ ਦੀ ਉਲੰਘਣਾ ਕਾਰਨ ਹੋਟਲ ਨੂੰ ਤੁਰੰਤ ਸੀਲ ਕਰ ਦਿੱਤਾ ਗਿਆ ਹੈ। ਏ.ਐੱਸ.ਪੀ. ਗਜ਼ਲਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿ ਇਸ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਜ਼ੀਰਕਪੁਰ ਪੁਲਿਸ ਵੱਲੋਂ ਇਸ ਤੋਂ ਪਹਿਲਾਂ ਵੀ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿਚ ਨਾਜਾਇਜ਼ ਗਤੀਵਿਧੀਆਂ ਵਿਚ ਸ਼ਾਮਲ ਕਈ ਹੋਟਲਾਂ ਅਤੇ ਸਪਾ ਕੇਂਦਰਾਂ ਖ਼ਿਲਾਫ਼ ਲਗਾਤਾਰ ਸਖ਼ਤ ਕਾਰਵਾਈ ਕਰਕੇ ਉਨ੍ਹਾਂ ਨੂੰ ਸੀਲ ਕੀਤਾ ਗਿਆ ਹੈ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨਾਲ ਕਿਸੇ ਵੀ ਸੂਰਤ ਵਿਚ ਰਹਿਮ ਨਹੀਂ ਕੀਤਾ ਜਾਵੇਗਾ। ਪੁਲਿਸ ਵੱਲੋਂ ਹੋਟਲ ਸੰਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button