Punjab

ਹੋਟਲ ਮੈਨੇਜਰ ’ਤੇ ਦਾਤਰਾਂ ਨਾਲ ਹਮਲਾ ਕਰ ਕੇ ਕੀਤਾ ਗੰਭੀਰ ਜ਼ਖ਼ਮੀ

ਤਰਨਤਾਰਨ, 21 ਜੁਲਾਈ : ਤਰਨਤਾਰਨ ਦੇ ਇਕ ਹੋਟਲ ’ਚ ਬਤੌਰ ਮੈਨੇਜਰ ਤਾਇਨਾਤ ਵਿਅਕਤੀ ’ਤੇ ਤਿੰਨ ਨੌਜਵਾਨਾ ਨੇ ਕਥਿਤ ਤੌਰ ’ਤੇ ਦਾਤਰਾਂ ਨਾਲ ਹਮਲਾ ਕਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ ਅਤੇ ਫ਼ਰਾਰ ਹੋ ਗਏ। ਜ਼ਖ਼ਮੀ ਮੈਨੇਜਰ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਜਦੋਂਕਿ ਮੌਕੇ ’ਤੇ ਪੁੱਜੀ ਥਾਣਾ ਸਿਟੀ ਤਰਨਤਾਰਨ ਦੀ ਪੁਲਿਸ ਨੇ ਉਕਤ ਘਟਨਾ ਸਬੰਧੀ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਜੀਤ ਸਿੰਘ ਪੁੱਤਰ ਜੰਗਾ ਸਿੰਘ ਵਾਸੀ ਪਿੰਡ ਵਲੀਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਨੂਰਦੀ ਰੋਡ ’ਤੇ ਝਬਾਲ ਬਾਈਪਾਸ ਕੋਲ ਬ੍ਰਦਰ ਹੋਟਲ ਹੈ। ਜਿਸ ’ਚ ਕਰੀਬ ਚਾਰ ਸਾਲ ਤੋਂ ਬਗੀਚਾ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਦਰਗਾਪੁਰ ਬਤੌਰ ਮੈਨੇਜਰ ਕੰਮ ਕਰ ਰਿਹਾ ਹੈ। 17 ਜੁਲਾਈ ਦੀ ਰਾਤ ਕਰੀਬ ਸਵਾ 9 ਵਜੇ ਬਗੀਚਾ ਸਿੰਘ ਹੋਟਲ ’ਚੋਂ ਦੁੱਧ ਲੈਣ ਲਈ ਬਾਜ਼ਾਰ ਗਿਆ ਸੀ ਤੇ ਜਦੋਂ 10 ਵਜੇ ਦੇ ਕਰੀਬ ਵਾਪਸ ਆ ਕੇ ਹੋਟਲ ਦਾ ਗੇਟ ਖੁੱਲ੍ਹਵਾਉਣ ਲਈ ਮੋਟਰਸਾਈਕਲ ਦਾ ਹਾਰਨ ਵਜਾ ਰਿਹਾ ਸੀ ਤਾਂ ਇੰਨੇ ’ਚ ਵੀ ਤਿੰਨ ਨੌਜਵਾਨ ਆਏ ਜਿਨ੍ਹਾਂ ਨੇ ਬਗੀਚਾ ਸਿੰਘ ’ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਬਗੀਚਾ ਸਿੰਘ ਦੇ ਸਿਰ ’ਚ ਦਾਤਰ ਲੱਗੇ ਅਤੇ ਉਹ ਲਹੂ-ਲੁਹਾਣ ਹੋ ਕੇ ਡਿੱਗ ਪਿਆ। ਜਦੋਂਕਿ ਹਮਲਾਵਰ ਧਮਕੀਆਂ ਦਿੰਦੇ ਹੋਏ ਮੋਟਰਸਾਈਕਲ ’ਤੇ ਐਕਟਿਵਾ ’ਤੇ ਬੈਠ ਕੇ ਮੌਕੇ ਤੋਂ ਫ਼ਰਾਰ ਹੋ ਗਏ। ਮਾਮਲੇ ਦੀ ਜਾਂਚ ਕਰ ਰਹੇ ਸਬ-ਇੰਸਪੈਕਟਰ ਗੁਰਿੰਦਰ ਸਿੰਘ ਨੇ ਦੱਸਿਆ ਕਿ ਰਣਜੀਤ ਸਿੰਘ ਦੇ ਬਿਆਨਾਂ ’ਤੇ ਰੋਬਿਨ ਮਸੀਹ ਪੁੱਤਰ ਬਿੱਟੂ ਮਸੀਹ, ਜ਼ੋਨ ਮਸੀਹ ਪੁੱਤਰ ਡੈਬਟ ਮਸੀਹ ਅਤੇ ਹੁਸਨਪ੍ਰੀਤ ਮਸੀਹ ਪੁੱਤਰ ਸੋਨੀ ਮਸੀਹ ਵਾਸੀ ਭੋਜੀਆਂ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ। ਜਿਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button