
ਅੰਮ੍ਰਿਤਸਰ, 9 ਮਾਰਚ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਗਈ ‘ਨਸ਼ਿਆਂ ਵਿਰੁੱਧ ਜੰਗ’ ਮੁਹਿੰਮ ਤਹਿਤ ਪੁਲਿਸ ਨੇ ਅੱਠਵੇਂ ਦਿਨ 16 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ 978 ਗ੍ਰਾਮ ਹੈਰੋਇਨ ਅਤੇ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ’ਚ ਮਾਮਲੇ ਦਰਜ ਕੀਤੇ ਗਏ ਹਨ। ਪਹਿਲੇ ਮਾਮਲੇ ਵਿਚ ਘਰਿੰਡਾ ਥਾਣੇ ਦੀ ਪੁਲਿਸ ਨੇ ਬੀਐਸਐਫ ਜਵਾਨਾਂ ਨਾਲ ਮਿਲ ਕੇ ਅਟਾਰੀ ਖੇਤਰ ਵਿਚ ਨਾਕਾਬੰਦੀ ਕੀਤੀ ਅਤੇ ਰਾਜਾਤਾਲ ਕਾਲੋਨੀ ਦੇ ਵਸਨੀਕ ਵਿਜੇ ਅਤੇ ਹਰਜਿੰਦਰ ਸਿੰਘ ਉਰਫ਼ ਭਿੰਦਾ ਨੂੰ ਗ੍ਰਿਫ਼ਤਾਰ ਕੀਤਾ, ਜੋ ਕਿ ਇਕ ਬਾਈਕ ’ਤੇ ਸਵਾਰ ਸਨ। ਮੁਲਜ਼ਮਾਂ ਦੇ ਕਬਜ਼ੇ ’ਚੋਂ 475 ਗ੍ਰਾਮ ਹੈਰੋਇਨ, ਤਿੰਨ ਮੋਬਾਈਲ, ਇਕ ਬਾਈਕ ਅਤੇ ਦੋ ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕ ਹੋਰ ਮਾਮਲੇ ਵਿਚ ਬਿਆਸ ਥਾਣੇ ਦੀ ਪੁਲਿਸ ਨੇ ਮੱਦ ਪਿੰਡ ਦੇ ਵਸਨੀਕ ਭੁਪਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 500 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਲੋਪੋਕੇ ਥਾਣੇ ਦੀ ਪੁਲਿਸ ਨੇ ਰਾਜਾਸਾਂਸੀ ਦੇ ਵਸਨੀਕ ਕੁਲਦੀਪ ਸਿੰਘ ਅਤੇ ਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 70 ਗ੍ਰਾਮ ਹੈਰੋਇਨ ਬਰਾਮਦ ਕੀਤੀ। ਲੋਪੋਕੇ ਥਾਣੇ ਦੀ ਪੁਲਿਸ ਨੇ ਪਿੰਡ ਬੋਪਾਰਾਏ ਖੁਰਦ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ’ਚੋਂ 15 ਗ੍ਰਾਮ ਹੈਰੋਇਨ ਬਰਾਮਦ ਕੀਤੀ। ਰਾਮਦਾਸ ਥਾਣੇ ਦੀ ਪੁਲਿਸ ਨੇ ਲਵਪ੍ਰੀਤ ਸਿੰਘ ਉਰਫ਼ ਲਾਬੀ ਵਾਸੀ ਪਿੰਡ ਦੂਜੋਵਾਲ, ਸੁਖਵਿੰਦਰ ਸਿੰਘ ਉਰਫ਼ ਤੋਤੀ, ਵਾਸੀ ਪਿੰਡ ਮਲਕਪੁਰ, ਮਨਿੰਦਰ ਸਿੰਘ ਉਰਫ਼ ਗੱਢਾ ਨੂੰ ਗ੍ਰਿਫ਼ਤਾਰ ਕਰਕੇ 100 ਗ੍ਰਾਮ ਹੈਰੋਇਨ ਅਤੇ 5,000 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਤਰਸਿੱਕਾ ਥਾਣੇ ਦੀ ਪੁਲਿਸ ਨੇ ਪਿੰਡ ਡੇਅਰੀਵਾਲ ਦੇ ਰਹਿਣ ਵਾਲੇ ਪ੍ਰਗਟ ਸਿੰਘ ਉਰਫ਼ ਪੱਟੂ, ਸਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰਕੇ 3 ਗ੍ਰਾਮ ਹੈਰੋਇਨ ਬਰਾਮਦ ਕੀਤੀ। ਅਜਨਾਲਾ ਥਾਣੇ ਦੀ ਪੁਲਿਸ ਨੇ ਪਿੰਡ ਚੱਕ ਬਾਲਾ ਦੇ ਰਹਿਣ ਵਾਲੇ ਅਰਸ਼ਦੀਪ ਸਿੰਘ ਤੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ, ਜਦੋਂ ਕਿ ਖਲਚੀਆਂ ਥਾਣੇ ਦੀ ਪੁਲਿਸ ਨੇ ਪਿੰਡ ਬੁਟਾਰੀ ਦੇ ਰਹਿਣ ਵਾਲੇ ਜਗਦੀਸ਼ ਉਰਫ ਬਾਊ ਅਤੇ ਪਿੰਡ ਘੁੰਮਣ ਦੇ ਰਹਿਣ ਵਾਲੇ ਚਮਕੌਰ ਸਿੰਘ ਉਰਫ ਮੋਰਾ ਨੂੰ ਗ੍ਰਿਫ਼ਤਾਰ ਕਰਕੇ ਪੰਜ ਗ੍ਰਾਮ ਹੈਰੋਇਨ ਬਰਾਮਦ ਕੀਤੀ। ਰਾਜਾਸਾਂਸੀ ਥਾਣੇ ਦੀ ਪੁਲਿਸ ਨੇ ਗਾਂਧੀ ਨਗਰ ਦੇ ਰਹਿਣ ਵਾਲੇ ਕਰਨ ਭੱਟੀ ਤੋਂ ਪੰਦਰਾਂ ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਦੋਂ ਕਿ ਉਸੇ ਥਾਣੇ ਦੀ ਪੁਲਿਸ ਨੇ ਲੱਦੇਹ ਪਿੰਡ ਦੇ ਰਹਿਣ ਵਾਲੇ ਗਗਨਦੀਪ ਸਿੰਘ ਤੋਂ 270 ਗ੍ਰਾਮ ਹੈਰੋਇਨ ਜ਼ਬਤ ਕੀਤੀ।



