
ਗੁਰਦਾਸਪੁਰ, 7 ਜੂਨ : ਜ਼ਿਲ੍ਹਾ ਪੁਲਿਸ ਗੁਰਦਾਸਪੁਰ ਨੂੰ ਨੇ 295 ਗ੍ਰਾਮ ਹੈਰੋਇਨ, 27 ਹਜ਼ਾਰ 500 ਰੁਪਏ ਡਰੱਗ ਮਨੀ, ਚਾਰ ਪਿਸਤੌਲ, ਸੱਤ ਮੈਗਜ਼ੀਨ, ਸੱਤ ਰੌਂਦਾਂ ਅਤੇ ਦੋ ਮਾਮਲਿਆਂ ਵਿੱਚ ਇੱਕ ਭਗੌੜੇ ਸਮੇਤ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਐੱਸਪੀ ਰਜਿੰਦਰ ਸ਼ਰਮਾ ਨੇ ਦੱਸਿਆ ਕਿ ਥਾਣਾ ਸਦਰ ਦੀ ਪੁਲਿਸ ਨੇ ਦੋ ਨੌਜਵਾਨਾਂ ਰਾਕੇਸ਼ ਕੁਮਾਰ ਅਤੇ ਮਨੋਜ ਕੁਮਾਰ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਇਸ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਅਮਨ ਕੁਮਾਰ ਅਤੇ ਉਸ ਦੀ ਪਤਨੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਨ੍ਹਾਂ ਤੋਂ 265 ਗ੍ਰਾਮ ਹੈਰੋਇਨ, 27 ਹਜ਼ਾਰ 500 ਰੁਪਏ ਡਰੱਗ ਮਨੀ, ਇੱਕ ਪਿਸਤੌਲ, ਮੈਗਜ਼ੀਨ ਅਤੇ ਪੰਜ ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਹਨ। ਉਨ੍ਹਾਂ ਨੂੰ ਰਿਮਾਂਡ ਤੇ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਹੈ। ਇਸੇ ਤਰ੍ਹਾਂ ਥਾਣਾ ਪੁਰਾਣਾ ਸ਼ਾਲਾ ਪੁਲਿਸ ਨੇ ਹਰਮਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਦੋ ਪਿਸਤੌਲ (32 ਬੋਰ), ਚਾਰ ਮੈਗਜ਼ੀਨ ਅਤੇ ਦੋ ਰੌਂਦ ਬਰਾਮਦ ਕੀਤੇ। ਪੁਲਿਸ ਰਿਮਾਂਡ ’ਤੇ ਲਏ ਗਏ ਮੁਲਜ਼ਮ ਤੋਂ ਪੁੱਛਗਿੱਛ ਦੇ ਆਧਾਰ ’ਤੇ ਮੁਲਜ਼ਮ ਅੰਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਜਿਸ ਤੋਂ ਇੱਕ ਪਿਸਤੌਲ ਅਤੇ ਦੋ ਮੈਗਜ਼ੀਨ ਬਰਾਮਦ ਹੋਏ। ਇਸ ਤੋਂ ਇਲਾਵਾ ਮੁਲਜ਼ਮ ਰਾਕੇਸ਼ ਕੁਮਾਰ ਉਰਫ਼ ਐਗਰੀ, ਜਿਸਨੂੰ ਅਦਾਲਤ ਨੇ ਥਾਣਾ ਬਹਿਰਾਮਪੁਰ ਵਿੱਚ ਧਾਰਾ 61-1-14 ਅਧੀਨ 2 ਮਾਮਲਿਆਂ ਵਿੱਚ ਭਗੌੜਾ ਐਲਾਨਿਆ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਸਾਰੇ ਮੁਲਜ਼ਮਾਂ ਖ਼ਿਲਾਫ਼ ਇੱਕ-ਦੋ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਪਿੱਛੇ ਭੇਜਿਆ ਜਾ ਰਿਹਾ ਹੈ। ਉਨ੍ਹਾਂ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਗ਼ੈਰ-ਕਾਨੂੰਨੀ/ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲਿਆਂ ਬਾਰੇ ਪੁਲਿਸ ਨੂੰ ਸੂਚਿਤ ਕਰਨ। ਗ਼ੈਰ-ਕਾਨੂੰਨੀ/ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਵਿੱਚ ਸ਼ਾਮਲ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਗੁਰਦਾਸਪੁਰ ਜ਼ਿਲ੍ਹਾ ਪੁਲਿਸ ਨਸ਼ਿਆਂ ਦੇ ਕਾਰੋਬਾਰ ਨੂੰ ਜੜ੍ਹੋਂ ਪੁੱਟਣ ਅਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਕਾਰਵਾਈ ਲਈ ਪੂਰੀ ਤਰ੍ਹਾਂ ਵਚਨਬੱਧ ਹੈ।



