Punjab

ਹੁਣ ਫੂਡ ਸੇਫਟੀ ਕਨੈਕਟ ਐਪ ‘ਤੇ ਕਰ ਸਕੋਗੇ ਨਕਲੀ ਤੇ ਘਟੀਆ ਖਾਣ-ਪੀਣ ਦੀਆਂ ਚੀਜ਼ਾਂ ਦੀ ਸ਼ਿਕਾਇਤ

ਬਠਿੰਡਾ, 20 ਅਗਸਤ : ਜੇਕਰ ਤੁਸੀਂ ਕਿਸੇ ਰੈਸਟੋਰੈਂਟ, ਹੋਟਲ, ਕੈਫੇ ਜਾਂ ਢਾਬੇ ‘ਤੇ ਖਾਣਾ ਖਾਣ ਜਾਂਦੇ ਹੋ ਅਤੇ ਤੁਹਾਨੂੰ ਖਾਣੇ ‘ਚ ਕੋਈ ਮਿਲਾਵਟ ਜਾਂ ਨਕਲੀ ਖਾਣ-ਪੀਣ ਦੀਆਂ ਚੀਜ਼ਾਂ ਮਿਲਦੀਆਂ ਹਨ, ਤਾਂ ਤੁਹਾਨੂੰ ਅਗਲੇ ਦਿਨ ਫੂਡ ਸੇਫਟੀ ਵਿਭਾਗ ਕੋਲ ਜਾ ਕੇ ਲਿਖਤੀ ਸ਼ਿਕਾਇਤ ਕਰਨ ਦੀ ਜ਼ਰੂਰਤ ਨਹੀਂ ਹੈ, ਬਸ ਆਪਣੇ ਮੋਬਾਈਲ ‘ਤੇ ਫੂਡ ਸੇਫਟੀ ਕਨੈਕਟ ਐਪ ਡਾਊਨਲੋਡ ਕਰੋ ਅਤੇ ਇਸ ਰਾਹੀਂ ਆਪਣੇ ਜ਼ਿਲ੍ਹੇ ਦੇ ਫੂਡ ਸੇਫਟੀ ਅਫਸਰ ਨੂੰ ਸ਼ਿਕਾਇਤ ਕਰੋ। ਇਹ ਸ਼ਿਕਾਇਤ ਐਪ ਰਾਹੀਂ ਆਨਲਾਈਨ ਦਰਜ ਕੀਤੀ ਜਾਵੇਗੀ ਅਤੇ ਆਪਣੇ ਆਪ ਸਬੰਧਤ ਖੇਤਰ ਦੇ ਅਧਿਕਾਰੀ ਤਕ ਪਹੁੰਚ ਜਾਵੇਗੀ। ਇਸ ਤੋਂ ਬਾਅਦ ਤੁਸੀਂ ਇਸ ਐਪ ‘ਤੇ ਆਪਣੀ ਸ਼ਿਕਾਇਤ ਦੀ ਨਿਗਰਾਨੀ ਵੀ ਕਰ ਸਕੋਗੇ ਅਤੇ ਜਾਂਚ ਕਰ ਸਕੋਗੇ ਕਿ ਸਬੰਧਤ ਅਧਿਕਾਰੀ ਨੇ ਕਾਰਵਾਈ ਕੀਤੀ ਹੈ ਜਾਂ ਨਹੀਂ। ਤੁਹਾਨੂੰ ਦੱਸ ਦੇਈਏ ਕਿ ਫੂਡ ਸੇਫਟੀ ਕੁਨੈਕਟ ਮੋਬਾਈਲ ਐਪ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੁਆਰਾ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਹੈ। ਇਸ ਵਿਚ ਕੋਈ ਵੀ ਫੂਡ ਸੇਫਟੀ ਰਜਿਸਟ੍ਰੇਸ਼ਨ ਤੋਂ ਲੈ ਕੇ ਲਾਇਸੈਂਸ ਪ੍ਰਾਪਤ ਕਰਨ ਤਕ ਹਰ ਚੀਜ਼ ਲਈ ਆਨਲਾਈਨ ਅਰਜ਼ੀ ਦੇ ਸਕਦਾ ਹੈ। ਇਸ ਦੇ ਨਾਲ ਇਸ ਐਪ ਰਾਹੀਂ ਲੋਕ ਆਪਣੇ ਆਲੇ ਦੁਆਲੇ ਵੇਚੀਆਂ ਜਾਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਗੁਣਵੱਤਾ ਬਾਰੇ ਵੀ ਆਨਲਾਈਨ ਸ਼ਿਕਾਇਤ ਕਰ ਸਕਦੇ ਹਨ। FSSAI ਨੇ ਸਾਰੇ ਫੂਡ ਬਿਜ਼ਨੈੱਸ ਆਪਰੇਟਰਾਂ ਲਈ ਇਹ ਵੀ ਲਾਜ਼ਮੀ ਕਰ ਦਿੱਤਾ ਹੈ ਕਿ ਉਹ ਆਪਣੇ ਅਹਾਤੇ ‘ਚ ਇਸ ਫੂਡ ਸੇਫਟੀ ਕਨੈਕਟ ਮੋਬਾਈਲ ਐਪ ਦਾ ਕਿਊਆਰ ਕੋਡ ਜਾਂ ਸਿੱਧਾ ਡਾਊਨਲੋਡ ਲਿੰਕ ਪ੍ਰਦਰਸ਼ਿਤ ਕਰਨ ਤਾਂ ਜੋ ਲੋੜ ਪੈਣ ‘ਤੇ ਗਾਹਕ ਇਸ ਐਪ ਦੀ ਵਰਤੋਂ ਕਰਕੇ ਆਸਾਨੀ ਨਾਲ ਸ਼ਿਕਾਇਤ ਦਰਜ ਕਰ ਸਕਣ। ਇਹ ਨਿਰਦੇਸ਼ ਐਫਐਸਐਸ (ਲਾਈਸੈਂਸਿੰਗ ਅਤੇ ਰਜਿਸਟ੍ਰੇਸ਼ਨ ਆਫ਼ ਫੂਡ ਬਿਜ਼ਨਸ) ਰੈਗੂਲੇਸ਼ਨ 2011 ਦੇ ਤਹਿਤ ਜਾਰੀ ਕੀਤੇ ਗਏ ਲਾਇਸੈਂਸ ਦੀ ਸ਼ਰਤ ਨੰਬਰ 1 ਦੇ ਤਹਿਤ ਜਾਰੀ ਕੀਤੇ ਗਏ ਹਨ। ਭੋਜਨ ਵਿਕਰੇਤਾਵਾਂ ਨੂੰ ਆਪਣੀ ਵੈੱਬਸਾਈਟ ਅਤੇ ਆਨਲਾਈਨ ਆਰਡਰ ਪਲੇਟਫਾਰਮ ‘ਤੇ ਵੀ ਕਿਊਆਰ ਕੋਡ ਅਤੇ ਸਿੱਧਾ ਡਾਊਨਲੋਡ ਲਿੰਕ ਪ੍ਰਦਰਸ਼ਿਤ ਕਰਨ ਲਈ ਕਿਹਾ ਗਿਆ ਹੈ। ਇਸ ਦੇ ਨਾਲ ਇਹ ਕਿਊਆਰ ਕੋਡ ਅਤੇ ਲਿੰਕ ਐਫਐਸਐਸਏਆਈ ਲਾਇਸੈਂਸ ਅਤੇ ਰਜਿਸਟ੍ਰੇਸ਼ਨ ਦੇ ਪਹਿਲੇ ਪੰਨੇ ‘ਤੇ ਵੀ ਪਾਇਆ ਗਿਆ ਹੈ।

Related Articles

Leave a Reply

Your email address will not be published. Required fields are marked *

Back to top button