ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 6 ਜੁਲਾਈ: ਬੱਚਿਆਂ ਨੂੰ ਸਰਕਾਰੀ ਸਹੂਲਤਾਂ ਦਾ ਲਾਭ ਦਿਲਾਉਣ ਲਈ ਅੱਜ ਹੀ ਆਧਾਰ ਕਾਰਡ ਨੂੰ ਅੱਪਡੇਟ ਕਰਵਾਉਣਾ ਜ਼ਰੂਰੀ ਹੈ। ਇਹ ਨਿਰਦੇਸ਼ ਸ਼ਹਿਰ ਦੇ ਸਕੂਲਾਂ ਨੇ ਵਿਦਿਆਰਥੀਆਂ ਨੂੰ ਦਿੱਤੇ ਹਨ। ਚੀਫ਼ ਸੈਕਟਰੀ ਰਾਜੀਵ ਵਰਮਾ ਨੇ ਪਿਛਲੇ ਹਫ਼ਤੇ ਇਕ ਬੈਠਕ ਕਰ ਕੇ ਪੰਜ, ਦਸ ਅਤੇ ਪੰਦਰਾਂ ਸਾਲ ਦੇ ਬੱਚਿਆਂ ਦੇ ਆਧਾਰ ਅੱਪਡੇਟ ਕਰਨ ਦੇ ਨਿਰਦੇਸ਼ ਦਿੱਤੇ ਸਨ। ਰਾਜੀਵ ਵਰਮਾ ਦੇ ਹੁਕਮਾਂ ਅਨੁਸਾਰ, ਸਕੂਲਾਂ ਨੇ ਵਿਦਿਆਰਥੀਆਂ ਨੂੰ ਆਧਾਰ ਅੱਪਡੇਟ ਕਰਨ ਦੀ ਅਪੀਲ ਕੀਤੀ ਹੈ। ਸਕੂਲਾਂ ਦੇ ਨਿਰਦੇਸ਼ਾਂ ਤੋਂ ਬਾਅਦ, ਸ਼ਹਿਰ ਦੇ ਸੰਪਰਕ ਸੈਂਟਰ ‘ਚ ਦੁਪਹਿਰ 2 ਵਜੇ ਤੋਂ ਬਾਅਦ ਲੰਬੀਆਂ ਲਾਈਨਾਂ ਦੇਖਣ ਨੂੰ ਮਿਲ ਰਹੀਆਂ ਹਨ। ਸ਼ਹਿਰ ਦੇ 111 ਸਰਕਾਰੀ ਅਤੇ 84 ਪ੍ਰਾਈਵੇਟ ਸਕੂਲਾਂ ‘ਚ ਦੋ ਲੱਖ ਪੰਜਾਹ ਹਜ਼ਾਰ ਤੋਂ ਵੱਧ ਵਿਦਿਆਰਥੀ ਹਨ। ਸਰਕਾਰੀ ਸਕੂਲਾਂ ‘ਚ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਵੱਖ-ਵੱਖ ਸਹੂਲਤਾਂ ਦਾ ਲਾਭ ਡਾਇਰੈਕਟ ਬੈਂਕ ਖਾਤੇ ‘ਚ ਮਿਲਦਾ ਹੈ, ਜਿਸ ਲਈ ਆਧਾਰ ਕਾਰਡ ਦਾ ਅਪਡੇਟ ਕਰਨਾ ਬਹੁਤ ਜ਼ਰੂਰੀ ਹੈ।
ਵਿਦਿਆਰਥੀਆਂ ਦੇ ਬੈਂਕ ਖਾਤੇ ‘ਚ ਆਉਂਦੀ ਹੈ ਵਜ਼ੀਫੇ ਦੀ ਰਕਮ
ਸਰਕਾਰੀ ਸਕੂਲਾਂ ‘ਚ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਵਰਦੀ ਲਈ ਪੈਸੇ ਸਿੱਧਾ ਉਨ੍ਹਾਂ ਦੇ ਬੈਂਕ ਖਾਤੇ ‘ਚ ਆਉਂਦੇ ਹਨ। ਇਸੇ ਤਰ੍ਹਾਂ, ਸਕੂਲ ਤੋਂ ਲੈ ਕੇ ਕਾਲਜ ਪੱਧਰ ਤਕ ਮਿਲਣ ਵਾਲੀ ਵਜ਼ੀਫਾ ਰਾਸ਼ੀ ਵੀ ਵਿਦਿਆਰਥੀਆਂ ਦੇ ਬੈਂਕ ਖਾਤੇ ‘ਚ ਜਮ੍ਹਾਂ ਹੁੰਦੀ ਹੈ। ਜੇਕਰ ਵਿਦਿਆਰਥੀਆਂ ਦੇ ਬੈਂਕ ਖਾਤੇ ਨਾਲ ਆਧਾਰ ਕਾਰਡ ਅਪਡੇਟ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਸਹੂਲਤ ਪ੍ਰਾਪਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਹਿਰ ਦੇ 44 ਸੰਪਰਕ ਕੇਂਦਰਾਂ ‘ਚ ਲੱਗ ਰਹੀ ਭੀੜ
ਆਧਾਰ ਕਾਰਡ ਅਪਡੇਟ ਜਾਂ ਬਣਵਾਉਣ ਲਈ ਸ਼ਹਿਰ ‘ਚ 44 ਸੰਪਰਕ ਕੇਂਦਰ ਮੌਜੂਦ ਹਨ। ਸੰਪਰਕ ਕੇਂਦਰ ‘ਚ ਰਜਿਸਟ੍ਰੇਸ਼ਨ ਫੀਸ ਭਰਨ ਤੋਂ ਬਾਅਦ ਅਪਡੇਟ ਕਰਨ ਦੀ ਅਪੀਲ ਆਧਾਰ ਦਫਤਰ ਨੂੰ ਭੇਜੀ ਜਾਵੇਗੀ, ਜੋ ਕਿ ਆਧਾਰ ਨੂੰ 30 ਦਿਨਾਂ ਦੇ ਅੰਦਰ ਅਪਡੇਟ ਕਰ ਕੇ ਜਾਰੀ ਕਰਦਾ ਹੈ। ਸੰਪਰਕ ਕੇਂਦਰ ਸਵੇਰੇ 8 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹੇ ਰਹਿੰਦੇ ਹਨ, ਜਿਸ ਵਿਚ ਜਨਤਕ ਛੁੱਟੀਆਂ ਨੂੰ ਛੱਡ ਕੇ ਕਿਸੇ ਵੀ ਦਿਨ ਆ ਕੇ ਆਧਾਰ ਕਾਰਡ ਅਪਡੇਟ ਕਰਵਾਇਆ ਜਾ ਸਕਦਾ ਹੈ।
URL Copied