
ਸ਼ਾਹਕੋਟ, 23 ਫਰਵਰੀ- ਬੀਤੀ ਸ਼ਾਮ ਲੋਹੀਆਂ-ਮਲਸੀਆਂ ਰੋਡ ’ਤੇ ਹਾਦਸੇ ਮਗਰੋਂ ਇੱਕ ਆਲਟੋ ਕਾਰ ਨੂੰ ਅੱਗ ਲੱਗ ਗਈ। ਇਸ ਘਟਨਾ ਵਿਚ ਕਾਰ ਚਾਲਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਜਲੰਧਰ ਵਿਖੇ ਚੱਲ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ ਅਮਨਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਮੁਰੀਦਵਾਲ ਜਦੋਂ ਮਲਸੀਆਂ ਵੱਲੋਂ ਲੋਹੀਆਂ ਨੂੰ ਜਾ ਰਿਹਾ ਸੀ ਤਾਂ ਅਚਾਨਕ ਪਿੰਡ ਵਾੜਾ ਜਗੀਰ ਕੋਲ ਪੁੱਜ ਕੇ ਉਸ ਦੀ ਕਾਰ ਜ਼ੋਰ ਨਾਲ ਉਛਲੀ ਤੇ ਕਾਰ ਨੂੰ ਭਿਆਨਕ ਅੱਗ ਲੱਗ ਗਈ। ਕਾਰ ਦੀਆਂ ਕਈ ਪਲਟੀਆਂ ਵੀ ਲੱਗੀਆਂ। ਉਸ ਦੀ ਕਾਰ ਦੇ ਪਿੱਛੇ ਆ ਰਹੇ ਦੂਸਰੀ ਕਾਰ ’ਚ ਉਸ ਦੀ ਪਤਨੀ ਤੇ ਭਰਾ ਨੇ ਉਸ ਨੂੰ ਕਾਰ ’ਚੋਂ ਗੰਭੀਰ ਹਾਲਤ ’ਚ ਬਾਹਰ ਕੱਢਿਆ ਅਤੇ ਉਸ ਨੂੰ ਲੋਹੀਆਂ ਦੇ ਇਕ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ। ਡਾ. ਰਾਜੀਵ ਕੁਮਾਰ ਤੇ ਡਾ. ਗੁਰਿੰਦਰ ਸਿੰਘ ਜੋਸਨ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਅਮਨਪ੍ਰੀਤ ਸਿੰਘ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ। ਡਾ. ਰਾਜੀਵ ਨੇ ਦੱਸਿਆ ਕਿ ਜ਼ਖ਼ਮੀ ਅਮਨਪ੍ਰੀਤ ਦਾ ਜਿੱਥੇ ਚੂਲਾ ਬੁਰੀ ਤਰਾਂ ਟੁੱਟ ਗਿਆ ਹੈ ਤੇ ਗਿੱਟੇ ’ਚ ਵੀ ਫਰੈਕਚਰ ਹੈ ਅਤੇ ਹੋਰ ਵੀ ਸਰੀਰ ’ਤੇ ਸੱਟਾਂ ਹਨ। ਇੱਥੇ ਜ਼ਿਕਰਯੋਗ ਹੈ ਕਿ ਗੰਭੀਰ ਜ਼ਖਮੀ ਅਮਨਪ੍ਰੀਤ ਦੇ ਪਿਤਾ ਲੋਹੀਆਂ ਥਾਣੇ ’ਚ ਹੀ ਤਾਇਨਾਤ ਹਨ।



