
ਮਜੀਠਾ, 26 ਨਵੰਬਰ : ਮਜੀਠਾ ਸ਼ਹਿਰ ਵਿਖੇ ਹੋਏ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਮੌਕੇ ’ਤੇ ਇਕੱਤਰ ਹੋਈ ਜਾਣਕਾਰੀ ਅਨੁਸਾਰ ਸੋਮਵਾਰ ਦੇਰ ਰਾਤ ਕਰੀਬ 9 ਵਜੇ ਦੇ ਕਰੀਬ ਇਕ ਵਿਅਕਤੀ ਸੁਖਦੇਵ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਬੁੱਢਾਥੇਹ ਜਿਹੜਾ ਕਿ ਪਿੰਡ ਨਾਗ ਨਵੇਂ ਵਿਖੇ ਪ੍ਰਾਈਵੇਟ ਨੌਕਰੀ ਕਰਦਾ ਸੀ, ਰੋਜ਼ ਦੀ ਤਰ੍ਹਾਂ ਆਪਣੇ ਕੰਮ ਤੋਂ ਛੁੱਟੀ ਕਰਕੇ ਆਪਣੇ ਮੋਟਰਸਾਈਕਲ ਨੰਬਰ ਪੀਬੀ-02-ਡੀਟੀ-9152 ਤੇ ਆਪਣੇ ਪਿੰਡ ਬੁੱਢਾ ਥੇਹ ਜਾਣ ਵਾਸਤੇ ਮਜੀਠਾ ਵੱਲ ਆ ਰਿਹਾ ਸੀ। ਰਸਤੇ ਵਿਚ ਪਿੰਡ ਨੰਗਲ ਪੰਨਵਾਂ ਤੋਂ ਅੱਗੇ ਰੇਲਵੇ ਫਾਟਕ ਤੇ ਸੜ੍ਹਕ ਟੁੱਟੀ ਹੋਣ ਕਰਕੇ ਮੋਟਰਸਾਈਕਲ ਦਾ ਸੰਤੁਲਨ ਵਿਗੜਣ ਕਰਕੇ ਰੇਲਵੇ ਫਾਟਕ ਦੇ ਇਕ ਪਾਸੇ ਲੱਗੇ ਲੋਹੇ ਦੇ ਖੰਭੇ ਵਿਚ ਜਾ ਵੱਜਾ। ਇਹ ਟੱਕਰ ਇੰਨੀ ਜ਼ਬਰਦਸਤ ਸੀ ਕਿ ਮੋਟਰਸਾਈਕਲ ਸਵਾਰ ਦੀ ਖੰਭੇ ਵਿਚ ਵੱਜਦੇ ਸਾਰ ਹੀ ਮੌਕੇ ’ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਸ਼ਾਦੀਸ਼ੁਦਾ ਸੀ ਅਤੇ ਉਸ ਦੇ ਦੋ ਬੱਚੇ ਵੀ ਹਨ। ਇਸ ਦੌਰਾਨ ਇਤਲਾਹ ਮਿਲਣ ਤੇ ਥਾਣਾ ਮਜੀਠਾ ਦੀ ਪੁਲਿਸ ਪਾਰਟੀ ਮੌਕੇ ’ਤੇ ਪੁੱਜ ਗਈ ਇਸ ਦੇ ਨਾਲ ਹੀ ਰੇਲਵੇ ਪੁਲਿਸ ਨੂੰ ਇਤਲਾਹ ਮਿਲਣ ਤੇ ਰੇਲਵੇ ਦੇ ਡਿਊਟੀ ਅਫਸਰ ਏਐਸਆਈ ਪ੍ਰਿਥੀਪਾਲ ਸਿੰਘ ਮੌਕੇ ’ਤੇ ਪੁੱਜ ਗਏ ਜਿਨ੍ਹਾਂ ਨੇ ਮ੍ਰਿਤਕ ਦੇਹ ਨੂੰ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ।



