
ਮਜੀਠਾ, 13 ਅਕਤੂਬਰ : : ਮਜੀਠਾ-ਅੰਮ੍ਰਿਤਸਰ ਮੁੱਖ ਸੜਕ ’ਤੇ ਹੋਏ ਇਕ ਵੱਡੇ ਸੜਕੀ ਹਾਦਸੇ ’ਚ ਇਕ ਪ੍ਰਾਈਵੇਟ ਬੱਸ ਦੀ ਫੇਟ ਵੱਜਣ ਕਾਰਣ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਅੰਮ੍ਰਿਤਸਰ ਤੋਂ ਮਜੀਠੇ ਵੱਲ ਨੂੰ ਆਉਂਦੇ ਹੋਏ ਪਿੰਡ ਨਾਗ ਨਵੇਂ ਨੇੜੇ ਇਹ ਬੱਸ ਹਾਦਸਾ ਕਰਨ ਉਪਰੰਤ ਡਰਾਈਵਰ ਵੱਲੋ ਮੌਕੇ ਤੋਂ ਬੱਸ ਭਜਾ ਲਈ ਗਈ ਸੀ। ਮ੍ਰਿਤਕਾਂ ਦੇ ਵਾਰਸਾਂ ਅਤੇ ਪਿੰਡ ਵਾਲਿਆਂ ਵੱਲੋਂ ਬੱਸ ਤੇ ਡਰਾਈਵਰ ਨੂੰ ਫੜ੍ਹਨ ਵਾਸਤੇ ਸੜਕੀ ਆਵਾਜਾਈ ਕੁਝ ਦੇਰ ਲਈ ਬੰਦ ਕਰਕੇ ਰੋਸ ਮੁਜ਼ਾਹਰਾ ਕੀਤਾ ਗਿਆ ਸੀ। ਜਿਸ ’ਤੇ ਡੀਐੱਸਪੀ ਮਜੀਠਾ ਧਰਮਿੰਦਰ ਕਲਿਆਣ ਦੇ ਹੁਕਮਾਂ ਤਹਿਤ ਦੇਰ ਸ਼ਾਮ ਮਜੀਠਾ ਪੁਲਿਸ ਵੱਲੋਂ ਹਾਦਸੇ ਵਿਚ ਸ਼ਾਮਲ ਪ੍ਰਾਈਵੇਟ ਬੱਸ ਜਿਹੜੀ ਕਿ ਰੰਧਾਵਾ ਕੰਪਨੀ ਦੀ ਸੀ, ਨੂੰ ਕਬਜ਼ੇ ਵਿਚ ਲੈ ਕੇ ਉਸ ਵਿਰੁੱਧ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ। ਜਦਕਿ ਬੱਸ ਦਾ ਡਰਾਈਵਰ ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ। ਇਕੱਤਰ ਹੋਏ ਪਿੰਡ ਦੇ ਲੋਕਾਂ ਵੱਲੋਂ ਇਹ ਸ਼ੱਕ ਕੀਤਾ ਗਿਆ ਸੀ ਕਿ ਹਾਦਸਾ ਕਰਨ ਵਾਲੀ ਦੀਪ ਬੱਸ ਹੈ, ਜਦਕਿ ਬਾਅਦ ਵਿਚ ਪੁਲਿਸ ਵੱਲੋਂ ਜਾਂਚ ਕੀਤੀ ਗਈ ਤਾਂ ਇਹ ਬੱਸ ਰੰਧਾਵਾ ਬੱਸ ਕੰਪਨੀ ਦੀ ਪਾਈ ਗਈ ਜਿਹੜੀ ਕਿ ਪੁਲਿਸ ਦੇ ਕਬਜ਼ੇ ਵਿਚ ਹੈ। ਕੈਪਸਨ: ਮਜੀਠਾ ਥਾਣੇ ਦੀ ਪੁਲਿਸ ਵੱਲੋਂ ਕਬਜ਼ੇ ਵਿਚ ਲਈ ਗਈ ਰੰਧਾਵਾ ਬੱਸ ਦੀ ਫੋਟੋ।



