
ਕਪੂਰਥਲਾ, 16 ਜੁਲਾਈ : ਕਪੂਰਥਲਾ-ਜਲੰਧਰ ਰੋਡ ’ਤੇ ਸਥਿਤ ਬਾਵਾ ਲਾਲਵਾਨੀ ਸਕੂਲ ਨੇੜੇ ਇਕ ਮਿਕਸਰ ਟਰੱਕ ਡਰਾਈਵਰ ਨੇ ਜੱਜ ਦੀ ਕਾਰ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਕਾਰ ’ਚ ਬੈਠੀ ਮਹਿਲਾ ਜੱਜ ਤੇ ਉਸਦਾ ਬੱਚਾ ਵਾਲ਼-ਵਾਲ਼ ਬਚ ਗਏ। ਪਰ ਟੱਕਰ ਨਾਲ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਹੀ ਪੀਸੀਆਰ ਤੇ ਥਾਣਾ ਸਿਟੀ ਪੁਲਿਸ ਮੌਕੇ ’ਤੇ ਪੁੱਜੀ ਤੇ ਟਰੱਕ ਡਰਾਈਵਰ ਨੂੰ ਹਿਰਾਸਤ ’ਚ ਲੈ ਲਿਆ। ਇਸ ਸਬੰਧੀ ਅੰਕਿਤ ਗਰਗ ਨੇ ਦੱਸਿਆ ਕਿ ਉਸਦੀ ਪਤਨੀ ਜੋ ਕਿ ਹਰਿਆਣਾ ’ਚ ਮੌਜੂਦਾ ਜੱਜ ਹੈ। ਉਹ ਸਕੂਲ ਤੋਂ ਛੁੱਟੀ ਉਪਰੰਤ ਆਪਣੇ ਬੱਚੇ ਨੂੰ ਬਾਬਾ ਲਾਲਵਾਨੀ ਸਕੂਲ ਤੋਂ ਲੈ ਕੇ ਵਾਪਸ ਕਾਰ ’ਚ ਘਰ ਪਰਤ ਰਹੀ ਸੀ। ਉਦੋਂ ਰਸਤੇ ਵਿਚ ਮਿਕਸਰ ਟਰੱਕ ਡਰਾਈਵਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਸੁਭਾਗਵੱਸ ਉਸ ਦੀ ਪਤਨੀ ਤੇ ਬੱਚਾ ਵਾਲ਼-ਵਾਲ਼ ਬਚ ਗਏ। ਪਰ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰ ਲਿਆ। ਸੂਚਨਾ ਮਿਲਦੇ ਹੀ ਪੀਸੀਆਰ ਤੇ ਥਾਣਾ ਸਿਟੀ ਦੇ ਏਐੱਸਆਈ ਸੁਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਤੇ ਟਰੱਕ ਡਰਾਈਵਰ ਨੂੰ ਹਿਰਾਸਤ ’ਚ ਲੈ ਕੇ ਕਾਰਵਾਈ ਆਰੰਭ ਦਿੱਤੀ ਹੈ।



