
ਲਖਨਊ, 14 ਜਨਵਰੀ: ਮਸ਼ਹੂਰ ਸਟੇਜ ਪਰਫਾਰਮਰ ਸਪਨਾ ਚੌਧਰੀ ਨੂੰ ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਤੋਂ ਵੱਡੀ ਰਾਹਤ ਮਿਲੀ ਹੈ। ਅਦਾਲਤ ਨੇ ਸਪਨਾ ਚੌਧਰੀ ਦੇ ਪਾਸਪੋਰਟ ਨੂੰ 10 ਸਾਲਾਂ ਲਈ ਨਵਿਆਉਣ (Renewal) ਵਾਸਤੇ ਐਨ.ਓ.ਸੀ. (NOC) ਜਾਰੀ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਪਹਿਲਾਂ ਟ੍ਰਾਇਲ ਕੋਰਟ ਨੇ ਉਨ੍ਹਾਂ ਦੇ ਪਾਸਪੋਰਟ ਦੇ ਨਵੀਨੀਕਰਨ ‘ਤੇ ਰੋਕ ਲਗਾ ਦਿੱਤੀ ਸੀ। ਇਹ ਹੁਕਮ ਜਸਟਿਸ ਪੰਕਜ ਭਾਟੀਆ ਦੀ ਇਕਹਿਰੀ ਬੈਂਚ ਨੇ ਸਪਨਾ ਚੌਧਰੀ ਦੀ ਪਟੀਸ਼ਨ ‘ਤੇ ਸੁਣਾਇਆ। ਹੁਣ ਹਰਿਆਣਵੀ ਡਾਂਸਰ ਸਪਨਾ ਚੌਧਰੀ ਦਾ ਪਾਸਪੋਰਟ 10 ਸਾਲਾਂ ਦੀ ਮਿਆਦ ਲਈ ਰੀਨਿਊ ਕੀਤਾ ਜਾ ਸਕੇਗਾ। ਅਦਾਲਤ ਨੇ ਟ੍ਰਾਇਲ ਕੋਰਟ ਦੇ ਉਸ ਫੈਸਲੇ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਪਾਸਪੋਰਟ ਨਵਿਆਉਣ ਤੋਂ ਇਨਕਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਖਿਲਾਫ ਲਖਨਊ ਦੇ ਆਸ਼ਿਆਨਾ ਥਾਣੇ ਵਿੱਚ ਸਾਲ 2018 ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਮਿਲ ਚੁੱਕੀ ਹੈ।



