
ਤਪਾ ਮੰਡੀ, 13 ਅਗਸਤ : ਇਲਾਕੇ ਅੰਦਰ ਰੋਜ਼ਾਨਾ ਹੀ ਮੋਟਰਸਾਈਕਲ ਚੋਰੀ ਹੋਣ ਦੀਆਂ ਘਟਨਾਵਾਂ ਚ ਵਾਧਾ ਹੋ ਰਿਹਾ ਹੈ। ਇਸਨੇ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲੀਆਂ ਨਿਸ਼ਾਨ ਲਗਾ ਕੇ ਰੱਖ ਦਿੱਤੇ ਹਨ। ਕਿਉਂਕਿ ਚੋਰ ਪੁਲਿਸ ਦੇ ਬਿਨਾਂ ਕਿਸੇ ਡਰ ਤੋਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਇਸਦੇ ਚਲਦਿਆਂ ਸ਼ਹਿਰ ਵਾਸੀਆਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅਜਿਹੀ ਹੀ ਇਕ ਚੋਰੀ ਦੀ ਘਟਨਾ ਬੀਤੀ ਸ਼ਾਮ ਸਿਟੀ ਚੌਕੀ ਤੋਂ ਮਹਿਜ਼ ਕੁਝ ਹੀ ਦੂਰੀ ’ਤੇ ਵਾਪਰੀ ਜਦੋਂ ਇਕ ਅਣਪਛਾਤਾ ਵਿਅਕਤੀ ਇਕ ਨਿੱਜੀ ਹਸਪਤਾਲ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰਕੇ ਫ਼ਰਾਰ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੋਟਰਸਾਈਕਲ ਮਾਲਕ ਕੁਲਦੀਪ ਸ਼ਰਮਾ ਪੁੱਤਰ ਬਲਦੇਵ ਸ਼ਰਮਾ ਵਾਸੀ ਮਾਡਲ ਟਾਊਨ ਤਪਾ ਨੇ ਦੱਸਿਆ ਕਿ ਉਹ ਆਪਣੀ ਦਵਾਈ ਲੈਣ ਲਈ ਰੂਪ ਚੰਦ ਰੋਡ ’ਤੇ ਸਥਿੱਤ ਨਿਜ਼ੀ ਹਸਪਤਾਲ ’ਚ ਗਿਆ ਸੀ, ਜਦੋਂ ਕੁਝ ਸਮੇਂ ਬਾਅਦ ਉਹ ਦਵਾਈ ਲੈ ਕੇ ਬਾਹਰ ਆਇਆ ਤਾਂ ਉਕਤ ਜਗ੍ਹਾ ’ਤੇ ਉਸਦਾ ਮੋਟਰਸਾਈਕਲ ਨਹੀਂ ਸੀ। ਉਸਨੇ ਜਦ ਇਧਰ-ਉਧਰ ਪੜਤਾਲ ਕੀਤੀ ਤਾਂ ਉਸਦਾ ਮੋਟਰਸਾਈਕਲ ਨਹੀਂ ਮਿਲਿਆ ਤਾਂ ਸੀਸੀਟੀਵੀ ਦੀ ਫੁਟੇਜ ਦੇਖਣ ’ਤੇ ਪਤਾ ਲੱਗਾ ਕਿ ਇਕ ਚੋਰ ਮੋਟਰਸਾਈਕਲ ਦਾ ਲਾਕ ਤੋੜਨ ਉਪਰੰਤ ਸਟਾਰਟ ਕਰਕੇ ਫ਼ਰਾਰ ਹੋ ਗਿਆ। ਉਨ੍ਹਾਂ ਤੁਰੰਤ ਇਸ ਘਟਨਾ ਸਬੰਧੀ ਤਪਾ ਸਿਟੀ ਪੁਲਿਸ ਨੂੰ ਸੂਚਨਾ ਦਿੱਤੀ। ਦੱਸ ਦਈਏ ਕਿ ਇਸ ਤੋਂ ਕੁਝ ਦਿਨ ਪਹਿਲਾਂ ਵੀ ਗਲੀ ਨੰਬਰ ਦੋ ਨਜ਼ਦੀਕ ਤੋਂ ਇਕ ਦੁਕਾਨ ਦੇ ਬਾਹਰੋਂ ਇਕ ਮੋਟਰਸਾਈਕਲ ਅਤੇ ਆਜ਼ਾਦ ਨਗਰ ਸਥਿਤ ਇਕ ਗਲੀ ’ਚੋਂ ਇਕ ਸਾਈਕਲ ਚੋਰੀ ਹੋ ਗਿਆ ਸੀ। ਪਰੰਤੂ ਪੁਲਿਸ ਅਜੇ ਤੱਕ ਇਲਾਕੇ ਅੰਦਰ ਵਾਪਰੀਆਂ ਜਾ ਵਾਪਰ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੱਭਣ ’ਚ ਅਸਫਲ ਰਹੀ ਹੈ। ਜਦ ਇਸ ਸਬੰਧੀ ਸਿਟੀ ਇੰਚਾਰਜ ਬਲਜੀਤ ਸਿੰਘ ਢਿੱਲੋਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਪੜਤਾਲ ਜਾਰੀ ਹੈ, ਇਨ੍ਹਾਂ ਚੋਰਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ। ਪਰ ਇੱਥੇ ਇਹ ਵੀ ਦੱਸਣ ਯੋਗ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਮੋਟਰਸਾਈਕਲ ਚੋਰ ਸਰਗਰਮ ਹਨ ਤੇ ਪੁਲਿਸ ਦੀ ਪਹੁੰਚ ਤੋਂ ਕੋਹਾਂ ਦੂਰ ਹਨ।



