
ਲੁਧਿਆਣਾ, 21 ਜੁਲਾਈ : ਲੁਧਿਆਣਾ ਕੁੱਝ ਦਿਨ ਪਹਿਲਾਂ ਥਾਣਾ ਡਵੀਜ਼ਨ ਨੰਬਰ 2 ਦੇ ਇਲਾਕੇ ਅਧੀਨ ਆਉਂਦੇ ਜੇਲ ਰੋਡ ਫੀਲਡਗੰਜ ’ਚ ਹਵਾਈ ਫਾਇਰ ਕਰ ਕੇ ਇਲਾਕੇ ’ਚ ਦਹਿਸ਼ਤ ਬਣਾ ਦੇਣ ਵਾਲੇ ਕੁੱਝ ਵਿਅਕਤੀਆਂ ਖਿਲਾਫ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਥਾਣਾ ਡਵੀਜ਼ਨ ਨੰਬਰ 2 ਦੇ ਇੰਚਾਰਜ ਗੁਰਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਬਸੰਤ ਸਿਟੀ ਵਾਸੀ ਜਗਨਜੋਤ ਸਿੰਘ, ਨਿਊ ਜਨਤਾ ਨਗਰ ਦੇ ਰਹਿਣ ਵਾਲੇ ਅਕਸ਼ੈ ਕੁਮਾਰ ਤੇ ਜੋਤੀ ਕਾਲੋਨੀ ਵਾਸੀ ਅਮਨਦੀਪ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਖਿਲਾਫ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਇੰਸ. ਗੁਰਜੀਤ ਸਿੰਘ ਨੇ ਦੱਸਿਆ ਕਿ ਹਾਲ ਹੀ ’ਚ ਜਵਾਹਰ ਨਗਰ ਕੈਂਪ ’ਚ ਇੱਕ ਘਰ ਦੇ ਬਾਹਰ ਗੋਲੀਆਂ ਚਲਾਉਣ ਵਾਲੇ ਦੋਸ਼ੀਆਂ ਨਾਲ ਮੁਲਜ਼ਮ ਅਕਸ਼ੈ ਕੁਮਾਰ ਦੇ ਸਬੰਧ ਹਨ। ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਇਸ ਮਾਮਲੇ ’ਚ ਅਕਸ਼ੈ ਕੁਮਾਰ, ਗਗਨਜੋਤ ਸਿੰਘ ਤੇ ਉਨਾਂ ਦੇ ਸਾਥੀ ਅਮਨਦੀਪ ਸਿੰਘ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦੇ ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਮੁਖਬਰ ਖਾਸ ਕੋਲੋਂ ਜਾਣਕਾਰੀ ਮਿਲੀ ਕਿ ਮੁਲਜ਼ਮ ਜਗਨਜੋਤ ਸਿੰਘ, ਅਕਸ਼ੈ ਕੁਮਾਰ ਤੇ ਅਮਨਦੀਪ ਸਿੰਘ ਚੰਡੀਗੜ੍ਹ ਨੰਬਰ ਦੀ ਮਰਸਡੀਜ਼ ਕਾਰ ’ਚ ਘੁੰਮ ਰਹੇ ਸਨ। ਪੁਲਿਸ ਨੂੰ ਪਤਾ ਲੱਗਾ ਕਿ ਮੁਲਜ਼ਮ ਅਮਨਦੀਪ ਤੇ ਜਗਨਜੋਤ ਕੋਲ ਇੱਕ ਇੱਕ ਪਿਸਤੌਲ ਹੈ। ਪੁਲਿਸ ਨੂੰ ਇਹ ਵੀ ਜਾਣਕਾਰੀ ਮਿਲੀ ਕਿ ਮੁਲਜ਼ਮ ਹਥਿਆਰਾਂ ਨੂੰ ਹਵਾ ’ਚ ਲਹਿਰਾ ਕੇ ਹੁੱਲੜਬਾਜ਼ੀ ਕਰ ਰਹੇ ਹਨ। ਇਸੇ ਦੌਰਾਨ ਮੁਲਜ਼ਮਾਂ ਨੇ ਇੱਕ ਹਵਾਈ ਫਾਇਰ ਵੀ ਕੀਤਾ। ਮੁਲਜ਼ਮਾਂ ਦੀ ਅਜਿਹੀ ਹਰਕਤ ਨਾਲ ਪੂਰੇ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਲੋਕ ਖੁਦ ਖਤਰੇ ’ਚ ਮਹਿਸੂਸ ਕਰਨ ਲੱਗ ਪਏ। ਜਨਤਾ ਦੀ ਸ਼ਾਂਤੀ ਭੰਗ ਕਰਨ ਦੇ ਚੱਲਦੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ। ਇੰਸ. ਗੁਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ’ਚ ਮੁਲਜ਼ਮਾਂ ਖਿਲਾਫ ਅਸਲਾ ਐਕਟ ਤੇ ਹੋਰ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਕੇਸ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।



