
ਅੰਮ੍ਰਿਤਸਰ, 26 ਫਰਵਰੀ- ਮਹਿਤਾ ਚੌਕ-ਜਲੰਧਰ ਰੋਡ ‘ਤੇ ਗੈਂਗਸਟਰ ਦੀ ਨਿਸ਼ਨਦਈ ‘ਤੇ ਹਥਿਆਰਾਂ ਦੀ ਬਰਾਮਦਗੀ ਲਈ ਪਹੁੰਚੀ ਪੁਲਿਸ ਪਾਰਟੀ ਅਤੇ ਗੈਂਗਸਟਰ ਦਰਮਿਆਨ ਗੋਲ਼ੀਆਂ ਚੱਲੀਆਂ। ਜਿਵੇਂ ਹੀ ਮੁਲਜ਼ਮ ਨੇ ਪਿਸਤੌਲ ਚੁੱਕਿਆ ਤਾਂ ਉਸ ਨੇ ਪੁਲਿਸ ਪਾਰਟੀ ’ਤੇ ਗੋਲ਼ੀਆਂ ਚਲਾ ਦਿੱਤੀਆਂ। ਸਵੈ-ਰੱਖਿਆ ਅਤੇ ਜਵਾਬੀ ਗੋਲ਼ੀਬਾਰੀ ਵਿਚ, ਪੁਲਿਸ ਨੇ ਮੁਲਜ਼ਮ ‘ਤੇ ਗੋਲ਼ੀ ਚਲਾ ਦਿੱਤੀ ਅਤੇ ਉਸ ਦੀ ਲੱਤ ਵਿਚ ਜਾ ਕੇ ਲੱਗੀ। ਐਸਐਸਪੀ ਮਨਿੰਦਰ ਸਿੰਘ ਨੇ ਦੱਸਿਆ ਕਿ ਜ਼ਖ਼ਮੀ ਰੋਹਿਤ ਵਾਸੀ ਮਹਿਤਾ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਗਿਰੋਹ ਦੇ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਲਈ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਰੋਹਿਤ ਅਤੇ ਉਸ ਦੇ ਸਾਥੀ ਜਰਮਨਜੀਤ ਸਿੰਘ ਨੂੰ ਡੀਐਸਪੀ ਧਰਮਿੰਦਰ ਕਲਿਆਣ ਅਤੇ ਮਹਿਤਾ ਪੁਲਿਸ ਦੀ ਅਗਵਾਈ ਹੇਠ ਨਾਕਾਬੰਦੀ ਕਰਕੇ ਕਾਬੂ ਕੀਤਾ ਗਿਆ। ਜਰਮਨਜੀਤ ਸਿੰਘ ਪੁਲਿਸ ਨੂੰ ਧੋਖਾ ਦੇ ਕੇ ਫਰਾਰ ਹੋ ਗਿਆ ਸੀ। ਇਸ ਤੋਂ ਬਾਅਦ ਜਦੋਂ ਪੁਲਸ ਨੇ ਰੋਹਿਤ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਨੰਗਲੀ ਕਲਾਂ ਡਰੇਨ ਦੇ ਕੰਢੇ ਇਕ ਪਿਸਤੌਲ ਅਤੇ ਕੁਝ ਕਾਰਤੂਸ ਛੁਪਾਏ ਹੋਏ ਸਨ। ਉਕਤ ਥਾਂ ਤੇ ਪੁਲੀਸ ਅਧਿਕਾਰੀ ਮੁਲਜ਼ਮ ਕੋਲੋਂ ਹਥਿਆਰ ਬਰਾਮਦ ਕਰਨ ਲਈ ਉਥੇ ਪੁੱਜੇ। ਮੁਲਜ਼ਮ ਨੂੰ ਮਿੱਟੀ ਵਿੱਚ ਦੱਬੀ ਪਿਸਤੌਲ ਬਾਹਰ ਕੱਢਣ ਲਈ ਕਿਹਾ ਗਿਆ। ਜਿਵੇਂ ਹੀ ਮੁਲਜ਼ਮ ਨੇ ਆਪਣਾ ਪਿਸਤੌਲ ਕੱਢਿਆ ਤਾਂ ਉਸ ਨੇ ਪੁਲਿਸ ਪਾਰਟੀ ’ਤੇ ਗੋ਼ਲੀ ਚਲਾ ਦਿੱਤੀ। ਜਵਾਬੀ ਗੋਲ਼ੀਬਾਰੀ ਵਿੱਚ ਪੁਲਿਸ ਨੇ ਉਸ ਦੀ ਲੱਤ ਵਿੱਚ ਗੋਲ਼ੀ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਂਚ ‘ਚ ਸਾਹਮਣੇ ਆਇਆ ਹੈ ਕਿ ਰੋਹਿਤ ਅਤੇ ਜਰਮਨਜੀਤ ਸਿੰਘ ਵਿਦੇਸ਼ ‘ਚ ਰਹਿੰਦੇ ਬਦਨਾਮ ਗੈਂਗਸਟਰ ਡੌਨੀ ਬੱਲ ਦੇ ਇਸ਼ਾਰੇ ‘ਤੇ ਕਾਰੋਬਾਰੀਆਂ ਤੋਂ ਪੈਸੇ ਵਸੂਲ ਰਹੇ ਹਨ। ਜੇਕਰ ਕੋਈ ਕਾਰੋਬਾਰੀ ਪੈਸੇ ਦੇਣ ਤੋਂ ਇਨਕਾਰ ਕਰਦਾ ਤਾਂ ਮੁਜਲਮ ਉਸ ਦੇ ਘਰ ਦੇ ਬਾਹਰ ਆ ਕੇ ਗੋਲੀਆਂ ਚਲਾ ਦਿੰਦਾ ਸੀ। ਰੋਹਿਤ ਦੇ ਕਬਜ਼ੇ ‘ਚੋਂ ਮਿਲੇ ਮੋਬਾਈਲ ਫੋਨ ਤੋਂ ਡੌਨੀ ਬੱਲ ਦੇ ਸੰਪਰਕ ਦਾ ਵੀ ਪਤਾ ਲੱਗਾ ਹੈ। ਦੱਸ ਦਈਏ ਕਿ ਕੁਝ ਦਿਨ ਪਹਿਲਾਂ ਮੁਲਜ਼ਮਾਂ ਨੇ ਮਹਿਤਾ ਇਲਾਕੇ ‘ਚ ਸਪੇਅਰ ਪਾਰਟਸ ਦੀ ਦੁਕਾਨ ਚਲਾਉਣ ਵਾਲੇ ਬਲਦੇਵ ਸਿੰਘ ਅਤੇ ਉਸ ਦੇ ਸਾਥੀ ਨੂੰ ਗੋਲ਼ੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ।



