
ਗੁਰਦਾਸਪੁਰ, 4 ਮਾਰਚ-ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦਾ ਤਿੰਨ ਰੋਜ਼ਾ ਮੇਲਾ 4 ਮਾਰਚ ਤੋਂ ਸ਼ੁਰੂ ਹੋ ਰਿਹਾ ਹੈ। ਮੇਲੇ ਵਿੱਚ ਭਾਗ ਲੈਣ ਲਈ ਦੇਸ਼-ਵਿਦੇਸ਼ ਤੋਂ ਸੰਗਤਾਂ ਪੁੱਜਣੀਆਂ ਸ਼ੁਰੂ ਹੋ ਗਈਆਂ ਹਨ। ਮੇਲੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅੰਗ ਵਸਤਰ ਦੇ ਦਰਸ਼ਨ ਕਰਵਾਏ ਜਾਂਦੇ ਹਨ। ਡੇਰਾ ਬਾਬਾ ਨਾਨਕ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਹੁਸ਼ਿਆਰਪੁਰ ਦੇ ਪਿੰਡ ਖੰਡਿਆਲਾ ਸੈਣੀਆਂ ਤੋਂ ਪੈਦਲ ਚੱਲੀ ਇਹ ਸੰਗਤ ਡੇਢ ਵਜੇ ਦੇ ਕਰੀਬ ਗੁਰਦਾਸਪੁਰ ਪਹੁੰਚੀ। ਹਜ਼ਾਰਾਂ ਸੰਗਤਾਂ ਕਰੀਬ 72 ਕਿਲੋਮੀਟਰ ਦਾ ਪੈਦਲ ਸਫ਼ਰ ਤੈਅ ਕਰਕੇ ਗੁਰਦਾਸਪੁਰ ਪੁੱਜੀਆਂ। ਇੱਥੇ ਸੰਗਤ ਦੇ ਸਵਾਗਤ ਲਈ ਤਿੰਨ ਕਿਲੋਮੀਟਰ ਦੇ ਘੇਰੇ ਵਿੱਚ 300 ਦੇ ਕਰੀਬ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਸੀ। ਗੁਰਦਾਸਪੁਰ ਤੋਂ ਹੁੰਦੀ ਹੋਈ ਸੰਗਤ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਰਵਾਨਾ ਹੋਈਆਂ। ਇਹ ਸੰਗਤ ਰਾਤ ਨੂੰ ਜੌੜਾ ਛੱਤਰਾਂ ਵਿਖੇ ਵਿਸ਼ਰਾਮ ਕਰੇਗੀ, ਜਿੱਥੋਂ ਸਵੇਰੇ ਕਰੀਬ 6 ਵਜੇ ਡੇਰਾ ਬਾਬਾ ਨਾਨਕ ਲਈ ਰਵਾਨਾ ਹੋਵੇਗੀ।
ਅੱਜ ਸੰਗਤਾਂ ਪੁੱਜਣਗੀਆਂ ਡੇਰਾ ਬਾਬਾ ਨਾਨਕ
ਸੰਗਤ ਮੰਗਲਵਾਰ ਨੂੰ ਡੇਰਾ ਬਾਬਾ ਨਾਨਕ ਪਹੁੰਚ ਜਾਵੇਗੀ। ਡੇਰਾ ਬਾਬਾ ਨਾਨਕ ਵਿਖੇ ਲੱਗਣ ਵਾਲੇ ਇਤਿਹਾਸਕ ਚੋਲਾ ਸਾਹਿਬ ਜੋੜ ਮੇਲੇ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗ ਦੇ ਸਵਾਗਤ ਲਈ ਸ਼ਹਿਰ ਭਰ ਵਿੱਚ ਸਵਾਗਤੀ ਗੇਟ ਲਗਾਏ ਗਏ ਸਨ। ਦੱਸਣਯੋਗ ਹੈ ਕਿ ਹਰ ਸਾਲ ਇਲਾਕੇ ਦੀ ਸੰਗਤ ਪੈਦਲ ਯਾਤਰਾ ਕਰਕੇ ਚੋਲਾ ਸਾਹਿਬ ਦੇ ਦਰਸ਼ਨਾਂ ਲਈ ਪਹੁੰਚਦੀ ਹੈ ਅਤੇ ਇਹ ਸਿਲਸਿਲਾ ਪਿਛਲੇ ਕਈ ਸਾਲਾਂ ਤੋਂ ਜਾਰੀ ਹੈ। ਪਿੰਡ ਦਾਉਵਾਲ, ਪੁਰਾਣਾ ਸ਼ਾਲਾ, ਚਾਵਾ, ਪੁਲ ਤਿੱਬੜੀ, ਭੁੱਲੇਚੱਕ ਅਤੇ ਗੁਰਦਾਸਪੁਰ ਦੀ ਸੰਗਤ ਵੱਲੋਂ ਸੰਗਤਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਵੱਖ-ਵੱਖ ਥਾਵਾਂ ‘ਤੇ ਸੰਗਤਾਂ ‘ਤੇ ਫੁੱਲਾਂ ਦੀ ਵਰਖਾ ਵੀ ਕੀਤੀ ਗਈ। ਰਸਤੇ ਵਿੱਚ ਸੰਗਤਾਂ ਦੇ ਠਹਿਰਣ, ਭੋਜਨ ਆਦਿ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਇਸ ਦੌਰਾਨ ਗੱਤਕਾ ਟੀਮਾਂ ਨੇ ਵੀ ਆਪਣੀ ਕਲਾ ਦੇ ਜੌਹਰ ਦਿਖਾਏ।
ਇਤਿਹਾਸ ‘ਤੇ ਨਜ਼ਰ
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ ਨੇੜੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ‘ਚ ਆਪਣੇ ਅੰਤਿਮ ਦਿਨ ਬਿਤਾਏ ਸਨ। ਇਸ ਨੂੰ ਗੁਰਦੁਆਰਿਆਂ ਦਾ ਸ਼ਹਿਰ ਵੀ ਕਿਹਾ ਜਾਂਦਾ ਹੈ। ਇੱਥੇ ਗੁਰਦੁਆਰਾ ਵੱਡਾ ਦਰਬਾਰ ਸਾਹਿਬ, ਗੁਰਦੁਆਰਾ ਸ੍ਰੀ ਚੋਲਾ ਸਾਹਿਬ, ਬਾਬਾ ਸ੍ਰੀ ਚੰਦ ਜੀ ਦਾ ਦਰਬਾਰ ਪੱਖੋਕੇ ਟਾਹਲੀ ਸਾਹਿਬ ਪਿੰਡ ਚੰਦੂ ਨੰਗਲ ਵਿਖੇ ਵੀ ਸਥਿਤ ਹੈ। ਇੱਥੇ ਸਥਾਪਿਤ ਗੁਰਦੁਆਰਾ ਚੋਲਾ ਸਾਹਿਬ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਦਾਸੀਆਂ ਸਮੇਂ ਪਹਿਨਿਆ ਗਿਆ ਚੋਲਾ ਅੱਜ ਵੀ ਸ਼ੀਸ਼ੇ ਦੇ ਫਰੇਮ ‘ਚ ਮੌਜੂਦ ਹੈ। ਹਰ ਸਾਲ ਇਸ ਸਥਾਨ ‘ਤੇ ਮੇਲਾ ਲੱਗਦਾ ਹੈ। ਇਸ ਸਾਲ ਵੀ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦੂਰ-ਦੂਰ ਤੋਂ ਡੇਰਾ ਬਾਬਾ ਨਾਨਕ ਪਹੁੰਚ ਰਹੀਆਂ ਹਨ। ਇਸੇ ਕਾਰਨ ਡੇਰਾ ਬਾਬਾ ਨਾਨਕ ਵਿੱਚ ਬਣਿਆ ਗੁਰਦੁਆਰਾ ਚੋਲਾ ਸਾਹਿਬ ਲੋਕਾਂ ਦੀ ਆਸਥਾ ਦਾ ਕੇਂਦਰ ਬਣਿਆ ਹੋਇਆ ਹੈ।



