Punjab

ਸੰਤ ਸੀਚੇਵਾਲ ਤੇ ਵਿਧਾਇਕ ਬਿਲਾਸਪੁਰ ਵੱਲੋਂ ਮੀਂਹ ਤੋਂ ਪ੍ਰਭਾਵਿਤ ਪਿੰਡਾਂ ਦਾ ਦੌਰਾ

ਮੋਗਾ, 29 ਜੁਲਾਈ : ਬੀਤੀ 22 ਜੁਲਾਈ ਨੂੰ ਜ਼ਿਲ੍ਹੇ ਭਰ ਦੇ ਦਰਜਨਾਂ ਪਿੰਡਾਂ ਵਿਚ ਪਏ ਭਾਰੀ ਮੀਂਹ ਦੀ ਮਾਰ ਹੇਠ ਹਜ਼ਾਰਾਂ ਏਕੜ ਝੋਨੇ ਅਤੇ ਮੱਕੀ ਦੀ ਫਸਲ ਆਉਣ ਕਾਰਨ ਕਿਸਾਨਾਂ ਦਾ 90 ਫੀਸਦੀ ਨੁਕਸਾਨ ਹੋ ਗਿਆ ਸੀ ਅਤੇ ਕਿਸਾਨਾਂ ਵੱਲੋਂ ਦੇਸੀ ਜੁਗਾੜ ਲਗਾ ਕਿ ਆਪ ਹੀ ਖੇਤਾਂ ’ਚੋਂ ਮੀਂਹ ਦਾ ਪਾਣੀ ਕੱਢਿਆ ਜਾ ਰਿਹਾ ਹੈ। ਸੋਮਵਾਰ ਨੂੰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਪਿੰਡ ਬੁੱਟਰ, ਬੱਘੀਪੁਰਾ, ਲੋਪੋਂ, ਦੌਧਰ, ਰਾਮੂੰਵਾਲਾ ਹਰਚੋਕਾ ਆਦਿ ਪਿੰਡਾਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸੁਣਕੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਮੀਂਹ ਦੇ ਪਾਣੀ ਕਾਰਨ ਝੋਨੇ ਦੀਆਂ ਖਰਾਬ ਹੋਈਆਂ ਫਸਲਾਂ ਦਾ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁਹੱਈਆ ਕਰਵਾਉਣ ਦੀ ਵੀ ਗੱਲ ਆਖੀ। ਸੰਤ ਸੀਚੇਵਾਲ ਅਤੇ ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ। ਸੰਤ ਸੀਚੇਵਾਲ ਨੇ ਕਿਸਾਨਾਂ ਨੂੰ ਝੋਨੇ ਦੀ ਪਨੀਰੀ ਦੇਣ ਦੀ ਪੇਸ਼ਕਸ਼ ਕੀਤੀ ਸੀ ਜਿਨ੍ਹਾਂ ਦਾ ਝੋਨਾ ਮੀਂਹ ਕਾਰਨ ਖਰਾਬ ਹੋਇਆ, ਇਕ ਕਿਸਾਨ ਨੂੰ ਉਨ੍ਹਾਂ ਨੇ ਚਾਰ ਏਕੜ ਵਿਚ ਮੁੜ ਝੋਨਾ ਲਗਾਉਣ ਲਈ ਸੁਲਤਾਨਪੁਰ ਤੋਂ ਪਨੀਰੀ ਭੇਜੀ ਵੀ ਸੀ। ਮੌਕੇ ’ਤੇ ਕਿਸਾਨਾਂ ਵੱਲੋਂ ਇਹ ਮੰਗ ਵੀ ਕੀਤੀ ਕਿ ਪਾਣੀ ਦੀ ਨਿਕਾਸੀ ਲਈ ਕੁਝ ਥਾਵਾਂ ’ਤੇ ਪੁਲੀਆਂ ਬਣਾਈਆਂ ਜਾਣ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਵਿਧਾਇਕ ਮਨਜੀਤ ਬਿਲਾਸਪੁਰ ਨੇ ਦੋਵੇਂ ਆਗੂ ਪਿੰਡ ਲੋਪੋ ਦੀ ਅਨਾਜ ਮੰਡੀ ਵੀ ਗਏ ਜਿੱਥੇ ਮੋਟਰਾਂ ਲਗਾ ਕੇ ਖੇਤਾਂ ’ਚੋਂ ਪਾਣੀ ਕੱਢਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਕ ਪੱਖਾ ਸੰਤ ਸੀਚੇਵਾਲ ਦੇ ਉੱਦਮ ਸਦਕਾ ਇੱਥੇ ਲੱਗਾ ਹੋਇਆ ਹੈ ਜਿਹੜਾ ਦਿਨ-ਰਾਤ ਖੇਤਾਂ ’ਚੋਂ ਪਾਣੀ ਕੱਢਣ ਲਈ ਚਲਾਇਆ ਜਾ ਰਿਹਾ ਹੈ। ਸੰਤ ਸੀਚੇਵਾਲ ਨੇ ਵਿਧਾਇਕ ਮਨਜੀਤ ਬਿਲਾਸਪੁਰ ਦੀ ਹਾਜ਼ਰੀ ਵਿਚ ਕਿਹਾ ਕਿ ਇਸ ਇਲਾਕੇ ’ਚੋਂ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਦੀਆਂ ਫਸਲਾਂ ਪਾਣੀ ਵਿਚ ਡੁੱਬਣ ਨਾਲ ਬਰਬਾਦ ਹੁੰਦੀਆਂ ਹਨ। ਉਨ੍ਹਾਂ ਡਰੇਨਜ਼ ਵਿਭਾਗ, ਮੰਡੀ ਬੋਰਡ ਅਤੇ ਐੱਸਡੀਐੱਮ ਨੂੰ ਹਦਾਇਤਾਂ ਕੀਤੀਆਂ ਕਿ ਜਿੱਥੇ-ਜਿੱਥੇ ਵੀ ਮੀਂਹ ਦੇ ਪਾਣੀ ਦੀ ਨਿਕਾਸੀ ਲਈ ਛੋਟੀਆਂ ਪੁਲੀਆਂ ਬਣਾਉਣ ਦੀ ਲੋੜ ਹੈ, ਉਸ ਦਾ ਸਰਵੇ ਕਰਨ ਤਾਂ ਜੋ ਉਥੇ ਪੁਲੀਆਂ ਦਾ ਨਿਰਮਾਣ ਕਰਵਾਇਆ ਜਾ ਸਕੇ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿੱਥੇ ਪਾਣੀ ਦਾ ਕੁਦਰਤੀ ਵਹਿਣ ਹੁੰਦਾ ਹੈ ਉਥੋਂ ਦੀ ਪਾਣੀ ਸਮਾਂ ਪਾ ਕੇ ਇਕ ਵਾਰ ਲੰਘਦਾ ਜ਼ਰੂਰ ਹੈ ਜੋ ਕਈ ਵਾਰ ਤਬਾਹੀ ਦਾ ਕਾਰਨ ਬਣ ਜਾਂਦਾ ਹੈ। ਉਨ੍ਹਾਂ ਕਿਸਾਨਾਂ ਦੀ ਹਾਜ਼ਰੀ ਵਿਚ ਕਿਹਾ ਕਿ ਉਹ ਪੁਲੀਆਂ ਬਣਾਉਣ ਵਿਚ ਵਿਭਾਗਾਂ ਨਾਲ ਸਹਿਯੋਗ ਕਰਨ ਤਾਂ ਜੋ ਚਿਰਾਂ ਤੋਂ ਲਟਕਦੀ ਆ ਰਹੀ ਇਹ ਸਮੱਸਿਆ ਦਾ ਪੱਕਾ ਹੱਲ ਕੀਤਾ ਜਾ ਸਕੇ। ਵਿਧਾਇਕ ਮਨਜੀਤ ਬਿਲਾਸਪੁਰ ਨੇ ਦੱਸਿਆ ਕਿ ਸੜਕਾਂ ਉਚੀਆਂ ਹੋਣ ਕਾਰਨ ਵੀ ਪਾਣੀ ਦੀ ਨਿਕਾਸੀ ਵਿਚ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਵਿਸ਼ੇਸ਼ ਗਿਰਦਾਵਰੀ ਕਰਨ ਦੀਆਂ ਹਦਾਇਤਾਂ ਪਹਿਲਾਂ ਹੀ ਜਾਰੀ ਕਰ ਦਿੱਤੀਆਂ ਹੋਈਆਂ ਹਨ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਚੇਅਰਮੈਨ ਬਰਿੰਦਰ ਕੁਮਾਰ ਸ਼ਰਮਾ ਮਧੇਕੇ, ਚੇਅਰਮੈਨ ਪਰਮਜੀਤ ਸਿੰਘ ਬੁੱਟਰ, ਚੇਅਰਮੈਨ ਗੁਰਮੇਲ ਸਿੰਘ ਮੱਦੋਕੇ, ਸਰਪੰਚ ਜਗਤਾਰ ਸਿੰਘ ਕੁੰਨਰ ਅਤੇ ਪਿੰਡਾਂ ਦੇ ਪੰਚ ਸਰਪੰਚ, ਡਰੇਨਜ਼ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button