
ਗੁਰੂਹਰਸਹਾਏ, 13 ਮਾਰਚ- ਬੀਤੇ ਪਿਛਲੇ ਮਹੀਨੇ ਦੌਰਾਨ ਫਿਰੋਜ਼ਪੁਰ ਫਾਜ਼ਲਕਾ ਜੀਟੀ ਰੋਡ ਤੇ ਪਿੰਡ ਮੋਹਨ ਕੇ ਹਿਠਾੜ ਵਿਖੇ ਹੋਏ ਦਰਦਨਾਕ ਸੜਕ ਹਾਦਸੇ ਵਿਚ ਕੁਝ ਵਿਅਕਤੀ ਮੌਤ ਦੇ ਮੂੰਹ ਵਿਚ ਚਲੇ ਗਏ ਸਨ। ਉਨ੍ਹਾਂ ਮ੍ਰਿਤਕ ਵਿਅਕਤੀਆਂ ਦੇ ਗਰੀਬ ਪਰਿਵਾਰਾਂ ਦੀ ਮੱਦਦ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 20-20 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਦੇ ਚੈੱਕ ਭੇਜੇ ਗਏ ਹਨ। ਧਰਮ ਅਰਥ ਫੰਡ ਵਿਚੋਂ ਪ੍ਰਵਾਨ ਹੋਈ, ਇਸ ਰਾਸ਼ੀ ਦੇ ਚੈੱਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਵਲੋਂ ਆਪਣੇ ਗ੍ਰਹਿ ਸਥਾਨ ਗੁਰੂਹਰਸਹਾਏ ਵਿਖੇ ਇਕੱਤਰ ਹੋਏ ਪਰਿਵਾਰਾ ਨੂੰ ਸੌਂਪੇ ਗਏ। ਇਥੇ ਇਹ ਦੱਸਣਯੋਗ ਹੈ ਕਿ ਬੀਤੇ ਫਰਵਰੀ ਮਹੀਨੇ ਵਿਚ ਉਕਤ ਵਿਅਕਤੀ ਜੋ ਵੇਟਰ ਦਾ ਕੰਮ ਕਰਦੇ ਸਨ ਅਤੇ ਉਹ ਇਕੱਠੇ ਹੋ ਕੇ ਮਹਿੰਦਰਾ ਪਿਕਅਪ ਗੱਡੀ ਉਤੇ ਗੁਰੂਹਰਸਹਾਏ ਤੋਂ ਜਲਾਲਾਬਾਦ ਵਿਖੇ ਇਕ ਵਿਆਹ ਸਮਾਗਮ ਵਿਚ ਕੰਮ ਕਰਨ ਲਈ ਜਾ ਰਹੇ ਸਨ ਤਾਂ ਉਹ ਰਸਤੇ ਵਿਚ ਪਿੰਡ ਮੋਹਨ ਕੇ ਹਿਠਾੜ ਵਿਖ਼ੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਮੌਕੇ ਉਤੇ ਵਿਅਕਤੀਆਂ ਦੀ ਮੌਤ ਹੋ ਗਈ ਸੀ। ਇਨ੍ਹਾਂ ਮ੍ਰਿਤਕ 9 ਵਿਅਕਤੀਆਂ ਦੇ ਵਾਰਿਸਾਂ ਨੂੰ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਲੋਂ ਭੇਜੇ ਗਏ 20-20 ਹਜ਼ਾਰ ਰੁਪਏ ਦੀ ਰਾਸ਼ੀ ਦੇ ਚੈੱਕ ਸੌਂਪੇ ਗਏ। ਇਸ ਮੌਕੇ ਮਿਰਤਕਾਂ ਦੇ ਪਰਿਵਾਰ ਨਾਲ ਆਏ ਰਿਸ਼ਤੇਦਾਰਾਂ ਨੇ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸਲਾਘਾ ਕੀਤੀ ਅਤੇ ਜਥੇਦਾਰ ਦਰਸ਼ਨ ਸਿੰਘ ਮੋਠਾਂਵਾਲਾ ਮੈਂਬਰ ਸ਼੍ਰੋਮਣੀ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।



