
ਮਜੀਠਾ, 27 ਫਰਵਰੀ- ਮਜੀਠਾ ਨੇੜੇ ਬੀਤੀ ਕਰੀਬ ਅੱਧੀ ਰਾਤ ਵਕਤ ਇਕ ਭਿਆਨਕ ਸੜਕ ਹਾਦਸੇ ਵਿਚ ਦੋ ਜਣਿਆਂ ਦੀ ਮੌਤ ਅਤੇ ਇਕ ਵਿਅਕਤੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਮਿਲੀ ਜਾਣਕਾਰੀ ਅਨੁਸਾਰ ਮਾਰੂਤੀ ਆਲਟੋ ਕਾਰ ਨੰਬਰ ਪੀਬੀ-35 ਜੀ/ 8378 ਫਤਿਹਗ੍ਹੜ ਚੂੜੀਆਂ ਵਲੋਂ ਅੰਮ੍ਰਿਤਸਰ ਵੱਲ ਜਾ ਰਹੀ ਸੀ ਕਿ ਪਿੰਡ ਹਮਜਾ ਲਾਗੇ ਆਉਣ ਤੇ ਕਾਰ ਦਾ ਸੰਤੁਲਨ ਇਕ ਦਮ ਵਿਗੜ ਜਾਣ ਕਰਕੇ ਕਾਰ ਸੜਕ ਕਿਨਾਰੇ ਇਕ ਦਰੱਖਤ ਵਿਚ ਟਕਰਾ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬਿਲਕੁਲ ਟੁੱਟ ਫੁੱਟ ਗਿਆ। ਇਸ ਕਾਰ ਹਾਦਸੇ ਵਿਚ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਅਤੇ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮਜੀਠਾ ਪੁਲਿਸ ਮੁਤਾਬਕ ਰਾਜਨ ਭੱਟੀ ਪੁੱਤਰ ਡੈਨੀਅਲ ਮਸੀਹ ਵਾਸੀ ਪਿੰਡ ਵਡਾਲਾ ਆਪਣੀ ਆਲਟੋ ਕਾਰ ਨੰਬਰ ਪੀਬੀ 35 ਜੀ 8378 ਵਿਚ ਆਪਣੇ ਦੋ ਦੋਸਤਾਂ ਬਲਜਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਅਤੇ ਨਿਸ਼ਾਨ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਭਾਲੋਵਾਲੀ ਨਾਲ ਜਾ ਰਿਹਾ ਸੀ। ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਗਈ ਅਤੇ ਸੜਕ ਦੇ ਕਿਨਾਰੇ ਇਕ ਵੱਡੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਗਈ। ਜਦੋਂ ਕਿ ਪਿੱਛੇ ਬੈਠੇ ਨੌਜਵਾਨ ਨਿਸ਼ਾਨ ਸਿੰਘ ਗੰਭੀਰ ਜ਼ਖਮੀ ਹੋ ਗਏ ਅਤੇ ਅੱਗੇ ਬੈਠੇ ਦੋ ਨੌਜਵਾਨਾਂ ਰਾਜਨ ਭੱਟੀ ਵਡਾਲਾ ਅਤੇ ਬਲਜਿੰਦਰ ਸਿੰਘ ਫਤਿਹਗੜ੍ਹ ਚੂੜੀਆ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਰਾਜਨ ਭੱਟੀ ਆਪਣੇ ਪਿੱਛੇ ਪਤਨੀ ਅਤੇ 2 ਸਾਲ ਦੀ ਧੀ ਛੱਡ ਗਏ ਹਨ। ਜਦੋਂ ਕਿ ਬਲਜਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਅਤੇ 12 ਅਤੇ 10 ਸਾਲ ਦੀਆਂ ਦੋ ਲੜਕੀਆਂ ਅਤੇ ਇਕ 7 ਸਾਲ ਦਾ ਲੜਕਾ ਛੱਡ ਗਏ।



