
ਫ਼ਿਰੋਜ਼ਪੁਰ, 17 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਦੇ ਨਜ਼ਦੀਕ ਪਿੰਡ ਆਸਲ ਦੇ ਭੱਠੇ ਦੇ ਸਾਹਮਣੇ ਹੋਏ ਸੜਕ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਸਦਰ ਫਿਰੋਜ਼ਪੁਰ ਪੁਲਿਸ ਨੇ ਅਣਪਛਾਤੇ ਵਹੀਕਲ ਚਾਲਕ ਖਿਲਾਫ 281, 324 (4) ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਬੋਹੜ ਸਿੰਘ ਪੁੱਤਰ ਚੌਧਰੀ ਵਾਸੀ ਪਿੰਡ ਹਸਤੀ ਵਾਲਾ ਨੇ ਦੱਸਿਆ ਕਿ ਉਸ ਦਾ ਭਰਾ ਹਰਜੀਤ ਸਿੰਘ (34 ਸਾਲ) ਆਪਣੇ ਟਰੈਕਟਰ ਭੱਠੇ ’ਤੇ ਰੋਕ ਕੇ ਭੱਠੇ ਤੋਂ ਕਿਸੇ ਦਾ ਮੋਟਰਸਾਈਕਲ ਲੈ ਕੇ ਘਰੇਲੂ ਕੰਮ ਕਾਰ ਲਈ ਸਿਟੀ ਫਿਰੋਜ਼ਪੁਰ ਜਾ ਰਿਹਾ ਸੀ। ਜਦ ਉਹ ਪਿੰਡ ਆਸਲ ਦੇ ਭੱਠੇ ਕੋਲ ਪੁੱਜਾ ਤਾਂ ਕੋਈ ਅਣਪਛਾਤੇ ਵਹੀਕਲ ਉਸ ਦੇ ਮੋਟਰਸਾਈਕਲ ਨਾਲ ਐਕਸੀਡੈਂਟ ਕਰ ਗਿਆ। ਇਸ ਹਾਦਸੇ ਵਿਚ ਹਰਜੀਤ ਸਿੰਘ ਜ਼ਖਮੀਂ ਹੋ ਗਿਆ ਤੇ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਇਸ ਮਾਮਲੇ ਦੀ ਪੜਤਾਲ ਕਰ ਰਹੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਅਣਪਛਾਤੇ ਵਹੀਕਲ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।



