
ਹੁਸ਼ਿਆਰਪੁਰ, 7 ਜਨਵਰੀ– ਸੜਕ ਹਾਦਸਿਆਂ ਨੂੰ ਰੋਕਣ ਲਈ ਸਰਕਾਰਾਂ ਵਲੋਂ ਕਈ ਉੱਦਮ ਕੀਤੇ ਜਾਂਦੇ ਹਨ। ਪਿਛਲੇ ਇੱਕ ਸਾਲ ਦੌਰਾਨ ਜਿਲ੍ਹਾ ਪੱਧਰ ‘ਤੇ ਸੜਕੀ ਆਵਾਜਾਈ ਨੂੰ ਘਟਾਉਣ ਲਈ ਕੀਤੇ ਗਏ ਉੱਦਮਾਂ ਤਹਿਤ ਡਾਰਕ ਜ਼ੋਨ ਨੂੰ ਘੱਟ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ। ਇਸ ਮੁਹਿੰਮ ਵਿਚ ਜ਼ਿਲ੍ਹਾ ਹੁਸ਼ਿਆਰਪੁਰ ਪਹਿਲੇ ਸਥਾਨ ‘ਤੇ ਰਿਹਾ ਜਿਸਨੇ ਇਨ੍ਹਾਂ ਦੀ ਸੰਖਿਆ 61 ਤੋਂ 33 ਕਰਨ ‘ਚ ਸਫਲਤਾ ਪ੍ਰਾਪਤ ਕੀਤੀ। ਦੂਸਰੇ ਨੰਬਰ ‘ਤੇ ਖੰਨਾ ਅਤੇ ਪਟਿਆਲਾ ਤੀਜੇ ਸਥਾਨ ‘ਤੇ ਰਿਹਾ। ਸੜਕੀ ਆਵਾਜਾਈ ਵਿਚ ਜਿਸ ਸਥਾਨ ’ਤੇ ਸਾਲ ਭਰ ਵਿਚ ਜਿਆਦਾ ਸੜਕੀ ਹਾਦਸੇ ਹੁੰਦੇ ਹਨ ਅਤੇ ਸੜਕੀ ਚਿੰਨ੍ਹਾਂ ਦੀ ਘਾਟ ਹੋਵੇ ਉਸ ਨੂੰ ਡਾਰਕ ਜ਼ੋਨ ਕਹਿੰਦੇ ਹਨ। ਇਸ ਦਾ ਖ਼ੇਤਰ 300 ਤੋਂ 500 ਮੀਟਰ ਤੱਕ ਹੁੰਦਾ ਹੈ ਅਤੇ ਇਸੇ ਖ਼ੇਤਰ ਵਿਚ ਹੋਣ ਵਾਲੇ ਹਾਦਸਿਆਂ ਦੀ ਗਿਣਤੀ ਦਾ ਸਮਾਂ ਇੱਕ ਤੋਂ ਤਿੰਨ ਸਾਲ ਤੱਕ ਲਿਆ ਜਾਂਦਾ ਹੈ। ਉਸ ਨੂੰ ਆਵਾਜਾਈ ਵਿਭਾਗ ਵਲੋਂ ਡਾਰਕ ਜ਼ੋਨ ਜਾਂ ਬਲੈਕ ਸਪਾਟ ਕਿਹਾ ਜਾਂਦਾ ਹੈ।
ਜਿਲ੍ਹਾ ਪੱਧਰੀ ਸਾਲ ਭਰ ਦੇ ਆਂਕੜੇ
ਆਰਟੀਏ ਵਿਭਾਗ ਵਲੋਂ ਪੂਰੇ ਪੰਜਾਬ ਨੂੰ ਨੌਂ ਹਲਕਿਆਂ ਵਿਚ ਵੰਡ ਕੇ 23 ਜਿਲ੍ਹਿਆਂ ਸਮੇਤ ਕਮਿਸ਼ਨਰੇਟ ਪੱਧਰ ਤੱਕ 28 ਜ਼ੋਨ ਬਣਾਏ ਗਏ ਸਨ ਜਿਨ੍ਹਾਂ ਵਿਚ 934 ਡਾਰਕ ਜ਼ੋਨ ਨਿਸ਼ਚਿਤ ਕੀਤੇ ਗਏ ਸਨ ਪਰੰਤੂ 2024 ਵਿਚ ਇਨ੍ਹਾਂ ਜ਼ੋਨਾਂ ਦੀ ਗਿਣਤੀ ਘਟ ਕੇ 787 ਰਹਿ ਗਈ ਜਿਸ ਵਿਚ ਜਿਲ੍ਹਾ ਹੁਸ਼ਿਆਰਪੁਰ ਪਹਿਲੇ, ਖ਼ੰਨਾ ਦੂਜੇ ਅਤੇ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਕੁੱਝ ਜਿਲ੍ਹੇ ਅਜਿਹੇ ਵੀ ਹਨ ਜਿਨ੍ਹਾਂ ਵਿਚ ਬਲੈਕ ਜ਼ੋਨ ਘਟਣ ਦੀ ਬਜਾਏ ਉਨ੍ਹਾਂ ਵਿਚ ਵਾਧਾ ਹੋਇਆ ਹੈ।
ਬਠਿੰਡਾ ਰੇਜ ਵਿਚ ਜਿਲ੍ਹਾ ਬਠਿੰਡਾ ਦੇ ਪਿਛਲੇ ਸਾਲ 40 ਡਾਰਕ ਜ਼ੋਨ ਸਨ ਜਿਹੜੇ ਕਿ ਇਸ ਵਾਰ ਵੀ ਊਨ੍ਹੇ ਹੀ ਹਨ ਜਦਕਿ ਇਸ ਰੇਂਜ ਦੇ ਮਾਨਸਾ ਜਿਲ੍ਹਾ ਵਿਚ ਜੋਨਾਂ ਦੀ ਗਿਣਤੀ ਪਿਛਲੀ ਵਾਰ ਵਾਂਗ 32 ਹੀ ਰਹੀ।
ਬਾਰਡਰ ਰੇਂਜ ਵਿਚ ਪੈਂਦੇ ਤਿੰਨ ਜਿਲ੍ਹਿਆਂ ‘ਚੋਂ ਅੰਮ੍ਰਿਤਸਰ ਦਿਹਾਤੀ ਦੀ ਗਿਣਤੀ 29 ਤੋਂ 31, ਬਟਾਲਾ ਦੀ 16 ਤੋਂ 22 , ਗੁਰਦਾਸਪੁਰ ਦੀ 28 ਜਦਕਿ ਪਠਾਨਕੋਟ ਦੇ ਡਾਰਕ ਜ਼ੋਨਾਂ ਦੀ ਗਿਣਤੀ 18 ਤੋਂ 24 ਹੋ ਗਈ। ਕਮਿਸ਼ਨਰੇਟ ਰੇਂਜ ਵਿਚ ਅਮਿਤ੍ਰਸਰ ਦੇ 6 ਦੇ ਛੇ ਜਲੰਧਰ ਵਿਚ 20 ਤੋਂ 13 ਜਦਕਿ ਲੁਧਿਆਣਾ ਵਿਚ ਡਾਰਕ ਜੋਨ ਦੀ ਗਿਣਤੀ 6 ਤੋਂ 02 ਹੋ ਗਈ। ਫਰੀਦਕੋਟ ਰੇਂਜ ਵਿਚ ਫਰੀਦਕੋਟ ਦੀ 10 ਤੋਂ 08, ਮੋਗਾ ਦੀ 29 ਤੋਂ 23 ਅਤੇ ਮੁਕਤਸਰ ਦੀ 27 ਤੋਂ 26 ਰਹਿ ਗਈ। ਫਿਰੋਜਪੁਰ ਰੇਂਜ ਦੇ ਜਿਲ੍ਹੇ ਫ਼ਾਜਲਿਕਾ ਵਿਚ 24 ਤੋਂ 35 , ਫਿਰੋਜਪੁਰ ਦੀ 34 ਤੋਂ 35, ਤਰਨਤਾਰਨ ਦੀ 31 ਤੋਂ 33, ਜਲੰਧਰ ਰੇਂਜ ਵਿਚ ਡਾਰਕ ਜੋਨਾਂ ਦੀ ਗਿਣਤੀ ਜਲੰਧਰ ਵਿਚ 42 ਤੋਂ 38, ਹੁਸ਼ਿਆਰਪੁਰ ਵਿਚ 61 ਤੋਂ 33 ਕਪੂਰਥਲਾ ਦੇ 41 ਤੋਂ 19 ਹੋ ਗਈ। ਲੁਧਿਆਣਾ ਰੇਂਜ਼ ਜਿਲ੍ਹਾ ਖੰਨਾ ਵਿਚ ਡਾਰਕ ਜੋਨ ਦੀ ਗਿਣਤੀ 39 ਤੋਂ 12 , ਲੁਧਿਆਣਾ ਦਿਹਾਤੀ ਦੀ 29 ਤੋਂ 21 ਅਤੇ ਐਸ ਬੀ ਐਸ ਨਗਰ ਦੀ 23 ਤੋਂ 19 ਰਹਿ ਗਈ। ਪਟਿਆਲਾ ਰੇਂਜ ਵਿਚ ਬਰਨਾਲਾ ਦੀ 48 ਤੋਂ 33 , ਮਲੇਰਕੋਟਲਾ 07 ਤੋਂ 03, ਪਟਿਆਲਾ 102 ਤੋਂ 76 ਜਦਕਿ ਸੰਗਰੂਰ ਵਿਚ ਗਿਣਤੀ ਵਧ ਕੇ 36 ਤੋਂ 43 ਹੋ ਗਈ। ਰੂਪ ਨਗਰ ਜੋਨ ਵਿਚ ਫ਼ਤਿਹਗੜ੍ਹ ਸਾਹਿਬ ਦੀ ਗਿਣਤੀ 57 ਤੋਂ 30, ਰੂਪ ਨਗਰ ਵਿਚ 45 ਤੋਂ 53 ਜਦਕਿ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਚ ਗਿਣਤੀ 64 ਤੋਂ ਵਧ ਕੇ 69 ਹੋ ਗਈ।
ਕੀ ਕਹਿੰਦੇ ਹਨ ਆਰਟੀਏ ਹੁਸ਼ਿਆਰਪੁਰ
ਇਸ ਸਬੰਧੀ ਆਰਟੀਏ ਹੁਸ਼ਿਆਰਪੁਰ ਰਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪਟਿਆਲਾ ਅਤੇ ਹੁਸ਼ਿਆਰਪੁਰ ਦੋ ਜਿਲ੍ਹਿਆਂ ਦਾ ਉਨ੍ਹਾਂ ਕੋਲ ਚਾਰਜ ਹੈ ਅਤੇ ਸਾਲ 2024 ਵਿਚ ਉਨ੍ਹਾਂ ਡਾਰਕ ਜ਼ੋਨ ਦੇ ਸਥਾਨਾਂ ਨੂੰ ਖ਼ਤਮ ਕਰਨ ਵਿਚ ਹੁਸ਼ਿਆਰਪੁਰ ਪਹਿਲੇ ਅਤੇ ਪਟਿਆਲਾ ਤੀਜੇ ਸਥਾਨ ’ਤੇ ਰਿਹਾ। ਉਨ੍ਹਾਂ ਦੱਸਿਆ ਕਿ ਇੱਕਲੇ ਹੁਸ਼ਿਆਰਪੁਰ ਵਿਚ ਉਨ੍ਹਾਂ ਸਕੂਲਾਂ, ਕਾਲਜਾਂ, ਪਬਲਿਕ ਸਥਾਨਾਂ , ਆਟੋ ਰਿਕਸ਼ਾ, ਟਰੱਕ ਯੂਨੀਅਨਾਂ ਵਰਗੀਆਂ ਜਨਤਕ ਥਾਵਾਂ ’ਤੇ 163 ਤੋਂ ਵੱਧ ਜਾਗ੍ਰੁਕਤਾ ਕੈਂਪ ਲਗਾਏ ਹਨ ਜਿਸ ਦਾ ਆਮ ਲੋਕਾਂ ਨੂੰ ਫ਼ਾਇਦਾ ਮਿਲਿਆ ਹੈ ਅਤੇ ਸੜਕ ਹਾਦਸਿਆਂ ਦੀ ਗਿਣਤੀ ਵਿਚ ਕਟੌਤੀ ਹੋਈ ਹੈ।



