Punjab

ਸੜਕ ’ਤੇ ਜਾਂਦੇ ਚਿੱਕੜ ਦੇ ਛਿੱਟੇ ਪੈਣ ਮਗਰੋਂ ਹੋਇਆ ਵਿਵਾਦ

ਲੁਧਿਆਣਾ, 19 ਅਗਸਤ : ਲੁਧਿਆਣਾ ਸੜਕ ਤੋਂ ਲੰਘਦੇ ਹੋਏ ਬਰਸਾਤੀ ਪਾਣੀ ਦੇ ਛਿੱਟੇ ਪੈਣ ਮਗਰੋਂ ਹੋਏ ਵਿਵਾਦ ’ਚ ਦੋ ਧਿਰਾਂ ਆਪਸ ’ਚ ਭਿੜ ਗਈਆਂ। ਇੱਕ ਧਿਰ ਨਾਲ ਸਬੰਧਤ ਕੁਝ ਹਥਿਆਰਬੰਦਾਂ ਨੇ ਦੂਜੀ ਧਿਰ ਦੇ ਨੌਜਵਾਨਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਮੋਤੀ ਨਗਰ ਪੁਲਿਸ ਨੇ ਮੁਸਲਿਮ ਕਾਲੋਨੀ ਸ਼ੇਰਪੁਰ ਕਲਾਂ ਦੇ ਰਹਿਣ ਵਾਲੇ ਸੋਰਵ ਲਹੌਰੀਆ ਦੇ ਬਿਆਨ ’ਤੇ ਦੀਪ ਨਗਰ ਵਾਸੀ ਅਮਨਦੀਪ ਸਿੰਘ, ਈਸ਼ਰ ਨਗਰ ਵਾਸੀ ਗੁਰਵਿੰਦਰ ਸਿੰਘ, ਟਿੱਬਾ ਰੋਡ ਰਹਿਣ ਵਾਲੇ ਨਾਨਕ ਸਿੰਘ ਸਮੇਤ ਕਰੀਬ ਅੱਧਾ ਦਰਜਨ ਅਣਪਛਾਤੇ ਹਮਲਾਵਰਾਂ ਖਿਲਾਫ ਸੰਗੀਨ ਦੋਸ਼ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਸੌਰਵ ਲਾਹੋਰੀਆ ਮੁਤਾਬਕ ਵਾਰਦਾਤ ਵਾਲੇ ਦਿਨ ਉਹ ਆਪਣੇ ਭਰਾ ਮਨੀਸ਼ ਨਾਲ ਆਪਣੀ ਕਾਰ ’ਚ ਸਵਾਰ ਹੋ ਕੇ ਆਪਣੀ ਭੈਣ ਨੂੰ ਆਰਕੇ ਰੋਡ ਤੋਂ ਲੈਣ ਜਾ ਰਿਹਾ ਸੀ। ਇਸ ਦੌਰਾਨ ਜਦ ਉਹ ਆਰ ਕੇ ਰੋਡ ਦੇ ਨਜ਼ਦੀਕ ਪੁੱਜੇ ਤਾਂ ਟੁੱਟੀ ਹੋਈ ਸੜਕ ਤੇ ਜਮ੍ਹਾਂ ਹੋਏ ਬਰਸਾਤੀ ਪਾਣੀ ਤੋਂ ਲੰਘਣ ਮੌਕੇ ਉਨ੍ਹਾਂ ਦਾ ਟਾਇਰ ਟੋਏ ’ਚ ਪਿਆ ਤੇ ਚਿੱਕੜ ਦੇ ਛਿੱਟੇ ਮੋਟਰਸਾਈਕਲ ’ਤੇ ਜਾ ਰਹੇ ਦੋ ਨੌਜਵਾਨਾਂ ’ਤੇ ਪੈ ਗਏ। ਮੋਟਰਸਾਈਕਲ ਸਵਾਰਾਂ ਨੇ ਮੁਦੱਈ ਤੇ ਉਸ ਦੇ ਭਰਾ ਨਾਲ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਆਪਣੇ ਕੁਝ ਸਾਥੀ ਮੌਕੇ ’ਤੇ ਸੱਦ ਲਏ। ਸ਼ਿਕਾਇਤਕਰਤਾ ਨੇ ਵਿਵਾਦ ਵਧਦਾ ਵੇਖ ਕੇ ਆਪਣੇ ਚਾਚੇ ਜਤਿੰਦਰ ਕੁਮਾਰ ਤੇ ਭਰਾ ਅਭਿਸ਼ੇਕ ਤੇ ਜਸ਼ਨ ਨੂੰ ਵੀ ਮੌਕੇ ’ਤੇ ਸੱਦ ਲਿਆ। ਮੁਲਜ਼ਮਾਂ ਤੇ ਉਨ੍ਹਾਂ ਦੇ ਸਾਥੀਆਂ ਨੇ ਉਸ ਦੇ ਪਰਿਵਾਰਕ ਮੈਂਬਰਾਂ ਉੱਪਰ ਤੇਜ਼ਧਾਰ ਹਥਿਆਰਾ ਨਾਲ ਹਮਲਾ ਕਰਦੇ ਹੋਏ ਕੁੱਟਮਾਰ ਕੀਤੀ ਜਦੋਂ ਉਨ੍ਹਾਂ ਜਾਨ ਬਚਾਉਣ ਲਈ ਰੌਲਾ ਪਾਉਣਾ ਸ਼ੁਰੂ ਕੀਤਾ ਤਾਂ ਮੁਲਜ਼ਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਵਾਰਦਾਤ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਅਜਮੇਰ ਸਿੰਘ ਮੁਤਾਬਕ ਆਸ ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਹਮਲਾਵਰਾਂ ਦੀ ਸ਼ਨਾਖਤ ਅਤੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button