Punjab
ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲਿਆਂ ਦਾ ਅਜੇ ਤਕ ਨਹੀਂ ਕੋਈ ਸੁਰਾਗ
SGPC ਦੇ ਈ-ਮੇਲ ’ਤੇ ਭੇਜੀਆਂ ਗਈਆਂ ਸਨ 18 ਧਮਕੀਆਂ

ਅੰਮ੍ਰਿਤਸਰ, 24 ਅਗਸਤ : ਡੇਢ ਮਹੀਨੇ ਬਾਅਦ ਵੀ ਆਰਡੀਐਕਸ ਦੀ ਵਰਤੋਂ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਨੂੰ ਉਡਾਉਣ ਦੀ ਧਮਕੀ ਦੇਣ ਵਾਲੇ ਮੁਲਜ਼ਮਾਂ ਦਾ ਪੁਲਿਸ ਪਤਾ ਨਹੀਂ ਲਗਾ ਸਕੀ। ਇਸ ਮਾਮਲੇ ਵਿਚ ਵੱਖ-ਵੱਖ ਸਮੇਂ ’ਤੇ ਦਰਜ ਕੀਤੀਆਂ ਗਈਆਂ ਤਿੰਨ ਐੱਫਆਈਆਰਜ਼ ਜਿਵੇਂ ਦੀਆਂ ਤਿਵੇਂ ਹਨ। ਸ਼੍ਰੋਮਣੀ ਕਮੇਟੀ ਦੇ ਈ-ਮੇਲ ’ਤੇ ਭੇਜੀਆਂ ਗਈਆਂ 18 ਧਮਕੀਆਂ ਦੇ ਮਾਮਲੇ ਵਿਚ ਪੁਲਿਸ ਨੇ ਫਰੀਦਾਬਾਦ, ਹਰਿਆਣਾ ਤੋਂ ਸਾਫਟਵੇਅਰ ਇੰਜੀਨੀਅਰ ਨੂੰ ਹਿਰਾਸਤ ਵਿਚ ਲਿਆ ਸੀ ਪਰ ਪੁੱਛਗਿੱਛ ਤੋਂ ਬਾਅਦ ਪੁਲਿਸ ਨੂੰ ਕੁਝ ਵੀ ਨਹੀਂ ਮਿਲਿਆ। ਦੋ ਦਿਨਾਂ ਦੀ ਜਾਂਚ ਤੋਂ ਬਾਅਦ ਉਸ ਨੂੰ ਰਿਹਾਅ ਕਰਨਾ ਪਿਆ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਸਾਈਬਰ ਸੈੱਲ ਧਮਕੀਆਂ ਦੇਣ ਵਾਲੇ ਵਿਅਕਤੀ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਡਾਟਾ ਪੁਲਿਸ ਤੱਕ ਪਹੁੰਚਣ ਵਿਚ ਲਗਪਗ ਡੇਢ ਮਹੀਨਾ ਲੱਗ ਸਕਦਾ ਹੈ। ਸਾਈਬਰ ਸੈੱਲ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਈ-ਮੇਲ ਭੇਜਣ ਵਾਲੇ ਦੋਸ਼ੀ ਨੇ ਇਸ ਲਈ ਡਾਰਕ ਨੈੱਟ ਦੀ ਵਰਤੋਂ ਕੀਤੀ ਸੀ, ਜਿਸ ਨੂੰ ਟਰੈਕ ਕਰਨਾ ਬਹੁਤ ਮੁਸ਼ਕਲ ਹੈ।



