Punjab

ਸ੍ਰੀ ਹਰਿਮੰਦਰ ਸਾਹਿਬ ਤੋਂ ਪਰਤਦਿਆਂ ਵਾਪਰਿਆ ਦਰਦਨਾਕ ਹਾਦਸਾ, ਛੁੱਟੀ ਆਏ ਫੌਜੀ ਦੀ ਮੌਤ; ਪਰਿਵਾਰਕ ਮੈਂਬਰ ਜ਼ਖਮੀ

ਕਲਾਨੌਰ, 20 ਜੂਨ : ਕਲਾਨੌਰ ਬਟਾਲਾ ਮਾਰਗ ‘ਤੇ ਪੈਂਦੇ ‌ ਪਿੰਡ ਭਾਗੋਵਾਲ ਦੇ ਨਜ਼ਦੀਕ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਪਰਤਦੇ ਸਮੇਂ ਵਾਪਰੇ ਦਰਦਨਾਕ ਹਾਦਸੇ ਦੌਰਾਨ ਛੁੱਟੀ ਆਏ ਫੌਜੀ ਮਹਿਕਦੀਪ ਸਿੰਘ (24)ਪੁੱਤਰ ਸੁਖਦੇਵ ਸਿੰਘ ਵਾਸੀ ਭੰਗਵਾਂ ਦੀ ਮੌਤ ਹੋ ਗਈ ਜਦੋਂ ਕਿ ਉਸ ਦੀ ਮਾਂ ਅਤੇ ਪਤਨੀ ਅਤੇ ਮਾਮੇ ਦਾ ਪੁੱਤ ਭਰਾ ਜਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਫੌਜੀ ਮਹਿਕਦੀਪ ਸਿੰਘ ਸਨਿਚਰਵਾਰ ਨੂੰ ਆਪਣੇ ਘਰ ਛੁੱਟੀ ਆਇਆ ਹੋਇਆ ਸੀ ਕਿ ਸ਼ੁੱਕਰਵਾਰ ਸਵੇਰੇ ਆਪਣੇ ਪਰਿਵਾਰਕ ਦੀਆਂ ਸਮੇਤ ਆਪਣੀ ਕਾਲੇ ਰੰਗ ਦੀ ਵਰਨਾ ਕਾਰ ਰਾਹੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਕੇ ਪਰਤ ਰਹੇ ਸਨ ਕਿ ਭਾਗੋਵਾਲ ਦੀ ਪੈਟਰੋਲ ਪੰਪ ਨੇੜੇ ਦਰੱਖਤ ਦਾ ਸੁੱਕਾ ਟਹਿਣਾ ਟੁੱਟਣ ਉਪਰੰਤ ਕਾਰ ਨੂੰ ਟਹਿਣੇ ਤੋਂ ਬਚਾਉਂਦਿਆਂ ਕਾਰ ਦਾ ਸਤੁੰਲਨ ਵਿਗੜ ਗਿਆ ਅਤੇ ਕਾਰ ਸੜਕ ਕਿਨਾਰੇ ਲੱਗੇ ਦਰੱਖਤਾਂ ਵਿੱਚ ਜਾ ਵੱਜੀ, ਜਿਸ ਕਾਰਨ ਕਾਰ ਬੁਰੀ ਤਰ੍ਹਾਂ ਹਾਦਸਾ ਗ੍ਰਸਤ ਹੋ ਗਈ। ਇਸ ਦੌਰਾਨ ਫੌਜੀ ਮਹਿਕਦੀਪ ਸਿੰਘ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਪਤਨੀ ਜਤਿੰਦਰ ਕੌਰ ਅਤੇ ਮਾਮੇ ਦਾ ਪੁੱਤ ਭਰਾ ਜਖ਼ਮੀ ਹੋ ਗਏ, ਜਿਨਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਮਹਿਕਦੀਪ ਸਿੰਘ ਦਾ ਪਿਤਾ ਸੁਖਦੇਵ ਸਿੰਘ ਵੀ ਸਾਬਕਾ ਫੌਜੀ ਹੈ ਅਤੇ ਮਹਿਕਦੀਪ ਸਿੰਘ ਜੁੜਵੇਂ ਭਰਾ ਹਨ ਅਤੇ ਉਸ ਦਾ ਦੂਸਰਾ ਭਰਾ ਅਮਰੀਕਾ ਗਿਆ ਹੋਇਆ ਹੈ। ਇਸ ਮੌਕੇ ‘ਤੇ ਰਾਹਗੀਰਾਂ ਨੇ ਦੱਸਿਆ ਕਿ ਮਹਿਕਦੀਪ ਸਿੰਘ ਜਦੋਂ ਗੱਡੀ ਚਲਾ ਕੇ ਆਪਣੇ ਘਰ ਪਰਤ ਰਿਹਾ ਸੀ ਕਿ ਅਚਾਨਕ ਸੁੱਕਾ ਦਰੱਖਤ ਡਿੱਗਣ ‘ਤੇ ਉਸ ਨੇ ਆਪਣਾ ਬਚਾਓ ਕੀਤਾ ਤਾਂ ਗੱਡੀ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਦਰੱਖਤਾਂ ਵਿੱਚ ਵੱਜਣ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਕਲਾਨੌਰ ਬਟਾਲਾ ਮਾਰਗ ‘ਤੇ ਦਰਜਨਾਂ ਸੜੇ ਸੁੱਕੇ ਬੂਟੇ ਹਨ ਜੋ ਡਿਗੂ ਡਿਗੂ ਕਰ ਰਹੇ ਹਨ ਪਰ ਇਸ ਸਬੰਧੀ ਸੰਬੰਧਿਤ ਵਿਭਾਗ ਦਾ ਕੋਈ ਧਿਆਨ ਨਹੀਂ ਹੈ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲਿਸ ਥਾਣਾ ਕਿਲ੍ਹਾ ਲਾਲ ਸਿੰਘ ਘਟਨਾ ਸਥਾਨ ‘ਤੇ ਪਹੁੰਚੀ।

Related Articles

Leave a Reply

Your email address will not be published. Required fields are marked *

Back to top button