Punjab

ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਸੂਫੀ ਗਾਇਕ ਹੰਸ ਰਾਜ ਹੰਸ

ਅੰਮ੍ਰਿਤਸਰ, 1 ਮਾਰਚ : ਪ੍ਰਸਿੱਧ ਪੰਜਾਬੀ ਸੂਫੀ ਗਾਇਕ ਹੰਸ ਰਾਜ ਹੰਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ। ਗੁਰੂ ਘਰ ਵਿਖੇ ਮੱਥਾ ਟੇਕਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਆਪਣੀ ਰੂਹਾਨੀ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਇੱਥੇ ਆ ਕੇ ਜੋ ਸਕੂਨ ਮਿਲਦਾ ਹੈ, ਉਸ ਨੂੰ ਸ਼ਬਦਾਂ ’ਚ ਬਿਆਨ ਕਰਨਾ ਅਸੰਭਵ ਹੈ। ਉਨ੍ਹਾਂ ਉਦਾਹਰਨ ਦਿੰਦਿਆਂ ਕਿਹਾ ਕਿ ਜਿਵੇਂ ਗੂੰਗਾ ਗੁੜ ਖਾ ਕੇ ਉਸ ਦਾ ਸਵਾਦ ਨਹੀਂ ਦੱਸ ਸਕਦਾ, ਉਸੇ ਤਰ੍ਹਾਂ ਇੱਥੋਂ ਮਿਲਣ ਵਾਲੀ ਇਲਾਹੀ ਬਖਸ਼ਿਸ਼ ਬਾਰੇ ਕੁਝ ਵੀ ਕਹਿਣਾ ਮੁਸ਼ਕਿਲ ਹੈ। ਰਾਜਨੀਤੀ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਹ ਕਦੇ ਸਿਆਸਤਦਾਨ ਰਹੇ ਹੀ ਨਹੀਂ, ਇਹ ਤਾਂ ਮਹਿਜ਼ ਇਕ ਕਰਮ ਚੱਕਰ ਸੀ ਜੋ ਹੁਣ ਪਿੱਛੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹੁਣ ਸਭ ਕੁਝ ਪ੍ਰਮਾਤਮਾ ਤੇ ਸੰਗਤ ਅੱਗੇ ਸਰੈਂਡਰ (ਆਤਮ-ਸਮਰਪਣ) ਕਰ ਦਿੱਤਾ ਹੈ। ਹੁਣ ਮਾਲਕ ਦੀ ਰਜ਼ਾ ਹੀ ਸਭ ਕੁਝ ਹੈ। ਆਪਣੇ ਸੰਗੀਤਕ ਸਫ਼ਰ ਬਾਰੇ ਚਰਚਾ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਸੰਗੀਤ ਹੀ ਉਨ੍ਹਾਂ ਦੀ ਜ਼ਿੰਦਗੀ ਹੈ। ਉਨ੍ਹਾਂ ਸਰੋਤਿਆਂ ਨੂੰ ਪੁਰਾਤਨ ਕੀਰਤਨ ਤੇ ਸੁਰ ਵਾਲਾ ਸੰਗੀਤ ਸੁਣਨ ਦੀ ਸਲਾਹ ਦਿੱਤੀ, ਜੋ ਮਨ ਨੂੰ ਸ਼ਾਂਤੀ ਦਿੰਦਾ ਹੈ। ਫ਼ਿਲਮਾਂ ਵਿਚ ਵਾਪਸੀ ਬਾਰੇ ਉਨ੍ਹਾਂ ਮੁਸਕੁਰਾਉਂਦੇ ਹੋਏ ਕਿਹਾ ਕਿ ਜੇਕਰ ਉਮਰ ਦੇ ਹਿਸਾਬ ਨਾਲ ਕੋਈ ਚੰਗੀ ਪੇਸ਼ਕਸ਼ ਆਈ ਤਾਂ ਉਹ ਜ਼ਰੂਰ ਪਰਦੇ ਤੇ ਦਿਖਾਈ ਦੇਣਗੇ। ਉਨ੍ਹਾਂ ਸਪੱਸ਼ਟ ਕੀਤਾ ਕਿ ਬਾਲੀਵੁੱਡ ਤੋਂ ਉਹ ਕਦੇ ਦੂਰ ਨਹੀਂ ਹੋਏ ਸਨ, ਬੱਸ ਕੁਝ ਹੋਰ ਰੁਝੇਵਿਆਂ ਕਾਰਨ ਗੈਪ ਪੈ ਗਿਆ ਸੀ। ਉਨ੍ਹਾਂ ਨੌਜਵਾਨ ਪੀੜ੍ਹੀ ਤੇ ਉੱਭਰ ਰਹੇ ਗਾਇਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਕਸਰਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਅੰਮ੍ਰਿਤਸਰ ਦੀ ਧਰਤੀ ਨੂੰ ਯਾਦ ਕਰਦਿਆਂ ਕਿਹਾ ਕਿ ਇਹ ਉਹ ਧਰਤੀ ਹੈ ਜਿੱਥੇ ਦਾਰਾ ਸਿੰਘ ਵਰਗੇ ਪਹਿਲਵਾਨ ਪੈਦਾ ਹੋਏ ਹਨ, ਇਸ ਲਈ ਨੌਜਵਾਨਾਂ ਨੂੰ ਆਪਣੀ ਸਿਹਤ ਅਤੇ ਵਿਰਸੇ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button