
ਮੋਰਿੰਡਾ, 11 ਜੂਨ : ਮੋਰਿੰਡਾ ਦੇ ਸ੍ਰੀ ਚਮਕੌਰ ਸਾਹਿਬ ਚੌਕ ਦੇ ਨੇੜੇ ਮੁੱਖ ਮਾਰਗ ‘ਤੇ ਇੱਕ ਪਨਬਸ ਬੱਸ ਅਤੇ ਬਲੈਰੋ ਪਿਕਅੱਪ ਵਿਚਕਾਰ ਆਹਮੋ ਸਾਹਮਣੇ ਟੱਕਰ ਹੋਣ ਨਾਲ 25 ਸਾਲਾ ਬਲੈਰੋ ਚਾਲਕ ਦੀ ਮੌਤ ਹੋ ਗਈ ਜਦਕਿ ਬਲੈਰੋ ਚਾਲਕ ਦੇ ਨਾਲ ਬੈਠਾ ਇੱਕ ਵਪਾਰੀ ਗੰਭੀਰ ਜ਼ਖ਼ਮੀ ਹੋ ਗਿਆ। ਪੁਲਿਸ ਥਾਣਾ ਸਿਟੀ ਮੋਰਿੰਡਾ ਦੇ ਐਸਐਚਓ ਇੰਸਪੈਕਟਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ੍ਰੀ ਚਮਕੌਰ ਸਾਹਿਬ ਚੌਂਕ ਦੇ ਨੇੜੇ ਚੰਡੀਗੜ੍ਹ ਤੋਂ ਮੋਗਾ ਜਾ ਰਹੀ ਪਨਬਸ ਜਗਰਾਉਂ ਡਿੱਪੂ ਦੀ ਬੱਸ ਨੰਬਰ ਪੀਬੀ 10 ਐਚਟੀ 2622 ਅਤੇ ਕੈਥਲ ਤੋਂ ਸੁੰਦਰ ਨਗਰ (ਹਿਮਾਚਲ) ਜਾ ਰਹੀ ਬਲੈਰੋ ਪਿਕਅੱਪ ਨੰਬਰ ਐਚਆਰ 58 ਬੀ 8824 ਵਿਚਕਾਰ ਹੋਇਆ। ਇਸ ਸਬੰਧੀ ਮਾਮਲੇ ਦੇ ਆਈਓ ਏਐੱਸਆਈ ਸ਼ਾਮ ਲਾਲ ਨੇ ਦੱਸਿਆ ਕਿ ਇਸ ਹਾਦਸੇ ਵਿਚ ਬਲੈਰੋ ਪਿਕਅਪ ਚਾਲਕ ਰਾਹੁਲ (25) ਵਾਸੀ ਕੈਥਲ ਦੀ ਮੌਤ ਹੋ ਗਈ। ਜਦ ਕਿ ਬਲੈਰੋ ਵਿੱਚ ਬੈਠਾ ਵਪਾਰੀ ਗੁਰਮੀਤ ਸਿੰਘ ਕੈਥਲ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮੋਰਿੰਡਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ। ਏਐਸਆਈ ਸ਼ਾਮ ਲਾਲ ਨੇ ਦੱਸਿਆ ਕਿ ਇਸ ਸਬੰਧ ਵਿਚ ਮ੍ਰਿਤਕ ਰਾਹੁਲ ਕੈਥਲ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੋਪੜ ਭੇਜ ਦਿੱਤੀ ਗਈ ਹੈ ਜਦਕਿ ਗੁਰਮੀਤ ਸਿੰਘ ਕੈਥਲ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



