Punjab

ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਲਈ ਨਿਹੰਗ ਜਥੇਬੰਦੀਆਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਨ: ਬਾਬਾ ਬਲਬੀਰ ਸਿੰਘ

ਅੰਮ੍ਰਿਤਸਰ:- 6 ਜੂਨ 2025- ਨਿਹੰਗ ਸਿੰਘਾਂ ਦੀਆਂ ਸਮੂਹ ਨਿਹੰਗ ਸਿੰਘ ਜਥੇਬੰਦੀਆਂ ਅਤੇ ਨਿਹੰਗ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਸਮੇਤ 1984 ਦੇ ਸ਼ਹੀਦੀ ਘੱਲੂਘਾਰੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪ੍ਰਕਰਮਾ ‘ਚ ਸਥਿਤ ਯਾਦਗਾਰ ਗੁ: ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਨਿਹੰਗ ਸਿੰਘ ਅਸਥਾਨ ਤੇ ਸ਼ਰਧਾ ਪੂਰਵਕ ਨਤਮਸਤਕ ਹੋਈਆਂ, ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਸ਼ਹੀਦ ਸਿੰਘਾਂ ਨੂੰ ਸ਼ਰਧਾ ਸਤਿਕਾਰ ਭੇਟ ਕੀਤਾ। ਉਨ੍ਹਾਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਸਿੰਘਾਂ ਦੀ ਯਾਦ ‘ਚ ਅਯੋਜਤ ਸਮਾਗਮ ਭਲੀਭਾਂਤ ਸਾਂਤੀ ਪੂਰਨ ਮੁਕੰਮਲ ਹੋਇਆ ਹੈ। ਉਨ੍ਹਾਂ ਕਿਹਾ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਡ ਵੱਡੇਰਿਆਂ ਨੇ ਸੱਚੰਖਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਯਾਦਾ ਖਾਤਰ ਬੇ-ਹਿਸਾਬ ਕੁਰਬਾਨੀਆਂ ਦਿੱਤੀਆਂ ਹਨ। ਗੁਰੂ ਦੀਆਂ ਲਾਡਲੀਆਂ ਫੌਜਾਂ ਪਹਿਲਾਂ ਵੀ, ਹੁਣ ਵੀ ਅਤੇ ਭਵਿੱਖ ਵਿੱਚ ਵੀ ਇਨ੍ਹਾਂ ਸਰਵਉਚ ਧਾਰਮਿਕ ਪਵਿੱਤਰ ਅਸਥਾਨਾਂ ਦੀ ਅਜਮਤ ਲਈ ਹਰ ਕੁਰਬਾਨੀ ਦੇਣ ਲਈ ਤਿਆਰ ਬਰ ਤਿਆਰ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਅੱਜ ਨਿਹੰਗ ਸਿੰਘ ਜਥੇਬੰਦੀਆਂ 6 ਜੂਨ 1984 ਨੂੰ ਭਾਰਤੀ ਫੌਜ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਕੀਤੇ ਹਮਲੇ ਦੌਰਾਨ ਸ਼ਹੀਦ ਹੋਏ ਸਿੰਘ, ਸਿੰਘਣੀਆਂ, ਭੁਜੰਗੀਆਂ ਅਤੇ ਹੋਰ ਸ਼ਹੀਦ ਸ਼ਰਧਾਲੂਆਂ ਨੂੰ ਸ਼ਰਧਾ ਸਤਿਕਾਰ ਭੇਟ ਕਰਨ ਲਈ ਪੁਜੀਆਂ ਹਨ, ਉਨ੍ਹਾਂ ਕਿਹਾ ਨਿਹੰਗ ਸਿੰਘ ਜਥੇਬੰਦੀਆਂ ਨੇ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਆਨ ਬਾਣ ਸ਼ਾਨ ਲਈ ਮਹਾਨ ਕੁਰਬਾਨੀਆਂ ਦਿਤੀਆਂ ਹਨ, ਉਨ੍ਹਾਂ ਕਿਹਾ ਇਨ੍ਹਾਂ ਪਾਵਨ ਪਵਿੱਤਰ ਅਸਥਾਨਾਂ ਦੀ ਮਾਣ ਮਰਯਾਦਾ ਕਾਇਮ ਰੱਖਣੀ ਸਾਡਾ ਫਰਜ਼ ਹੈ। ਜੇਕਰ ਸ਼੍ਰੋਮਣੀ ਕਮੇਟੀ ਸੰਗਤਾਂ ਦੀਆਂ ਭਾਵਨਾਵਾਂ ਅਨੁਸਾਰ ਮਰਯਾਦਾ ਪੂਰਨ ਕਾਰਜ ਕਰਦੀ ਹੈ, ਤਾਂ ਸਾਰੀਆਂ ਜਥੇਬੰਦੀਆਂ ਸਹਿਯੋਗ ਕਰਦੀਆਂ ਹਨ। ਉਨ੍ਹਾਂ ਕਿਹਾ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਪਹਿਲਾਂ ਵੀ ਸਪੱਸ਼ਟ ਕਿਹਾ ਗਿਆ ਸੀ ਕਿ ਸਾਡੀ ਸ਼੍ਰੋਮਣੀ ਕਮੇਟੀ ਜਾਂ ਕਿਸੇ ਵਿਸ਼ੇਸ਼ ਨਾਲ ਨਿਜੀ ਲੜਾਈ ਨਹੀਂ ਹੈ ਪਰ ਮਰਯਾਦਾ ਮਾਮਲੇ ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਹੈ। ਉਨ੍ਹਾਂ ਕਿਹਾ ਅੱਜ ਵਾਲੇ ਪ੍ਰੋਗਰਾਮ ਦੀ ਤਫਸੀਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੀਡੀਏ ਰਾਹੀਂ ਪਹਿਲਾਂ ਹੀ ਸੰਗਤਾਂ ਨਾਲ ਸਾਂਝੀ ਕਰ ਲੈਂਦੇ ਤਾਂ ਸਿੱਖ ਪੰਥਕ ਜਥੇਬੰਦੀਆਂ ਵਿੱਚ ਭਰਮ ਭੁਲੇਖੇ ਜਾਂ ਮਾਨਸਿਕ ਤਣਾਅ ਵਾਲੇ ਸ਼ੰਕੇ ਪੈਦਾ ਹੋਣੇ ਹੀ ਨਹੀਂ ਸਨ।

Related Articles

Leave a Reply

Your email address will not be published. Required fields are marked *

Back to top button