Punjab

ਸੋਸ਼ਲ ਮੀਡੀਆ ਰਾਹੀਂ ਬਲੈਕਮੇਲਿੰਗ ਦੇ ਕਾਰਨ ਔਰਤ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ

ਗੁਰੂਹਰਸਹਾਏ, 15 ਜੁਲਾਈ : ਗੁਰੂਹਰਸਹਾਏ ਵਿੱਚ ਇੱਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਵਿਆਹੁਤਾ ਔਰਤ ਨੇ ਨੌਜਵਾਨ ਦੀ ਲਗਾਤਾਰ ਪ੍ਰੇਸ਼ਾਨੀ ਤੇ ਸੋਸ਼ਲ ਮੀਡੀਆ ਰਾਹੀਂ ਬਲੈਕਮੇਲਿੰਗ ਦੇ ਕਾਰਨ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਔਰਤ ਦੀ ਪਛਾਣ ਗੁਰਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਪਿਛਲੇ 18 ਸਾਲਾਂ ਤੋਂ ਕੇਹਰ ਸਿੰਘ ਇੱਕ ਪ੍ਰਾਈਵੇਟ ਵੈਟਨਰੀ ਪ੍ਰੈਕਟੀਸ਼ਨਰ ਨਾਲ ਵਿਆਹੁਤਾ ਸੀ। ਇਸ ਮਾਮਲੇ ਵਿਚ ਗੁਰੂਹਰਸਹਾਏ ਪੁਲਿਸ ਨੇ ਮੁਲਜ਼ਮ ਨੌਜਵਾਨ ਗੁਰਪ੍ਰੀਤ ਸਿੰਘ ਉਰਫ ਪੀਤਾ ਵਾਸੀ ਥੇਹ ਗੁੱਜਰ, ਥਾਣਾ ਸਾਦਿਕ, ਜ਼ਿਲ੍ਹਾ ਫਰੀਦਕੋਟ, ਖ਼ਿਲਾਫ਼ ਧਾਰਾ 108 ਬੀਐੱਨਐੱਸ ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਦੇ ਭਰਾ ਕਿਰਨਜੀਤ ਸਿੰਘ ਵਾਸੀ ਸੈਦੋ ਭੁਲਾਣਾ ਤਹਿਸੀਲ ਅਤੇ ਜ਼ਿਲ੍ਹਾ ਕਪੂਰਥਲਾ ਨੇ ਦੱਸਿਆ ਕਿ ਉਸ ਦੀ ਭੈਣ ਗੁਰਪ੍ਰੀਤ ਕੌਰ ਨੂੰ ਸਾਲ 2017 ਵਿਚ ਗੁਰੂਹਰਸਹਾਏ ਵਿੱਚ 10 2 ਦੇ ਪੇਪਰਾਂ ਦੌਰਾਨ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਪੀਤਾ ਨੇ ਸੰਪਰਕ ਕੀਤਾ ਸੀ। ਇਸ ਦੌਰਾਨ ਮੁਲਜ਼ਮ ਨੇ ਗੁਰਪ੍ਰੀਤ ਕੌਰ ਨਾਲ ਮੇਲਜੋਲ ਵਧਾਇਆ, ਜਿਸ ਦੀ ਸ਼ਿਕਾਇਤ ਮਿਲਣ ’ਤੇ ਪੰਚਾਇਤੀ ਬੰਦਿਆਂ ਦੀ ਮੌਜ਼ੂਦਗੀ ਵਿਚ ਮੁਲਜ਼ਮ ਨੇ ਭਵਿੱਖ ਵਿਚ ਸੰਪਰਕ ਨਾ ਰੱਖਣ ਦਾ ਵਾਅਦਾ ਕੀਤਾ ਅਤੇ ਇਕ ਐਫੀਡੇਵਿਟ ਵੀ ਦਿੱਤਾ ਸੀ, ਪਰ ਮੁਲਜ਼ਮ ਨੇ ਇਸ ਵਾਅਦੇ ਦੀ ਉਲੰਘਣਾ ਕਰਦਿਆਂ ਗੁਰਪ੍ਰੀਤ ਕੌਰ ਨੂੰ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਗਾਤਾਰ ਮੈਸੇਜ, ਚੈਟਸ ਅਤੇ ਧਮਕੀਆਂ ਭੇਜੀਆਂ। ਕਿਰਨਜੀਤ ਸਿੰਘ ਨੇ ਅੱਗੇ ਦੱਸਿਆ ਕਿ ਮੁਲਜ਼ਮ ਇਸ ਸਮੇਂ ਡੁਬਈ ਵਿੱਚ ਹੈ ਤੇ ਉਥੋਂ ਹੀ ਉਸ ਦੀ ਭੈਣ ਨੂੰ ਸੋਸ਼ਲ ਮੀਡੀਆ ਰਾਹੀਂ ਪ੍ਰੇਸ਼ਾਨ ਅਤੇ ਬਲੈਕਮੇਲ ਕਰਦਾ ਰਿਹਾ। ਇਸ ਨਿਰੰਤਰ ਮਾਨਸਿਕ ਤਸੀਹਿਆਂ ਤੇ ਦਬਾਅ ਕਾਰਨ ਗੁਰਪ੍ਰੀਤ ਕੌਰ ਡਿਪਰੈਸ਼ਨ ਦੀ ਸ਼ਿਕਾਰ ਹੋ ਗਈ ਸੀ। ਆਖਰਕਾਰ 13 ਜੁਲਾਈ 2025 ਦੀ ਰਾਤ ਕਰੀਬ 1.30 ਵਜੇ ਗੁਰਪ੍ਰੀਤ ਕੌਰ ਨੇ ਆਪਣੇ ਘਰ ਦੇ ਸ਼ੈੱਡ ਦੀ ਛੱਤ ਨਾਲ ਪਰਨਾ ਬੰਨ੍ਹ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਮਹੇਸ਼ ਸਿੰਘ ਨੇ ਪੁਸ਼ਟੀ ਕੀਤੀ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਪੀਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮੁਲਜ਼ਮ ਦੀ ਭਾਲ ਵਿੱਚ ਹੈ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਭੇਜੇ ਗਏ ਮੈਸੇਜਾਂ ਅਤੇ ਧਮਕੀਆਂ ਦੀ ਜਾਂਚ ਕਰ ਰਹੀ ਹੈ।

Related Articles

Leave a Reply

Your email address will not be published. Required fields are marked *

Back to top button