Politics

ਸੋਨੇ ਦੀ ਵਾਲੀਆਂ ਖੋਹਣ ਲਈ ਧੱਕਾ ਮਾਰ ਕੇ ਸੁੱਟੀ ਬਜ਼ੁਰਗ ਔਰਤ ਦੀ ਮੌਤ ਦੇ ਮਾਮਲੇ ‘ਚ ਗਵਾਂਢੀ ਗ੍ਰਿਫ਼ਤਾਰ

ਅਮਲੋਹ, 7 ਜਨਵਰੀ-ਤਹਿਸੀਲ ਅਮਲੋਹ ‘ਚ ਪੈਂਦੇ ਪਿੰਡ ਭਰਪੂਰਗੜ੍ਹ ਵਿਖੇ ਇੱਕ 83 ਸਾਲਾ ਔਰਤ ਦੀ ਹੋਈ ਮੌਤ ਦੇ ਮਾਮਲੇ ‘ਚ ਥਾਣਾ ਅਮਲੋਹ ਦੀ ਪੁਲਿਸ ਵੱਲੋਂ ਮ੍ਰਿਤਕਾਂ ਦੇ ਗਵਾਂਢੀ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰਕੇ ਉਸ ਨੂੰ ਹਿਰਾਸਤ ‘ਚ ਲਏ ਜਾਣ ਦੀ ਸੂਚਨਾ ਹੈ। ਬਲਵੀਰ ਸਿੰਘ ਵਾਸੀ ਪਿੰਡ ਭਰਪੂਰਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਆਪਣੀ ਪਤਨੀ ਦੇ ਨਾਲ ਘਰ ਤੋਂ 500 ਕੁ ਮੀਟਰ ਦੀ ਦੂਰੀ ‘ਤੇ ਸਥਿਤ ਪਸ਼ੂਆਂ ਵਾਲੇ ਤਬੇਲੇ ‘ਚ ਮੱਝਾਂ ਦੀਆਂ ਧਾਰਾਂ ਕੱਢਣ ਲਈ ਗਿਆ ਸੀ ਜਦੋਂ ਕਿ ਉਨਾਂ ਦੀ ਬਜ਼ੁਰਗ ਮਾਤਾ ਗੁਰਦਿਆਲ ਕੌਰ ਪਿੱਛੇ ਘਰ ਵਿੱਚ ਮੌਜ਼ੂਦ ਸੀ। ਜਦੋਂ ਉਹ ਅਤੇ ਉਸਦੀ ਪਤਨੀ ਧਾਰਾਂ ਕੱਢ ਕੇ ਵਾਪਸ ਘਰ ਮੁੜੇ ਤਾਂ ਦੇਖਿਆ ਘਰ ਦੇ ਮੇਨ ਗੇਟ ਦੀ ਛੋਟੀ ਤਾਕੀ ਖੁੱਲ੍ਹੀ ਸੀ ਤੇ ਅੰਦਰੋਂ ਉਨਾਂ ਦੀ ਮਾਤਾ ਦੇ ਚੀਖਣ ਦੀਆਂ ਆਵਾਜ਼ਾਂ ਆ ਰਹੀਆਂ ਸਨ।ਉਨਾਂ ਨੇ ਦੇਖਿਆ ਕਿ ਘਰ ਦੀ ਲੌਬੀ ‘ਚ ਉਨਾਂ ਦੇ ਪਿੰਡ ਦਾ ਗਵਾਂਢੀ ਗੁਰਤੇਜ ਸਿੰਘ ਮਾਤਾ ਗੁਰਦਿਆਲ ਕੌਰ ਨਾਲ ਹੱਥੋਪਾਈ ਹੁੰਦਾ ਹੋਇਆ ਮਾਤਾ ਦੇ ਕੰਨਾਂ ਦੀਆਂ ਵਾਲੀਆਂ ਖੋਲ੍ਹ ਕੇ ਭੱਜ ਰਿਹਾ ਸੀ ਜਿਸ ਵੱਲੋਂ ਮਾਰੇ ਗਏ ਧੱਕੇ ਕਾਰਨ ਮਾਤਾ ਗੁਰਦਿਆਲ ਕੌਰ ਫਰਸ਼ ‘ਤੇ ਡਿੱਗ ਗਈ ਤੇ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਗੁਰਤੇਜ ਸਿੰਘ ਮੌਕੇ ‘ਤੋਂ ਭੱਜ ਗਿਆ।ਬਲਵੀਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਨਾਂ ਦੇ ਘਰ ਵਿੱਚ ਪਿਆ ਸੈਮਸੰਗ ਮੋਬਾਈਲ ਵੀ ਗਾਇਬ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਕਿ ਉਨ੍ਹਾਂ ਦੇ ਘਰ ਵਿੱਚ ਚੋਰੀ ਕਰਨ ਦੀ ਨੀਅਤ ਨਾਲ ਦਾਖਲ ਹੋਏ ਗੁਰਤੇਜ ਸਿੰਘ ਤੇਜੀ ਵੱਲੋਂ ਧੱਕਾ ਮਾਰ ਕੇ ਸੁੱਟਣ ਕਾਰਨ ਹੀ ਉਸਦੀ ਮਾਤਾ ਦੀ ਮੌਤ ਹੋਈ ਹੈ। ਥਾਣਾ ਅਮਲੋਹ ਵਿਖੇ ਗੁਰਤੇਜ ਸਿੰਘ ਵਿਰੁੱਧ ਮੁਕੱਦਮਾ ਦਰਜ ਕਰਕੇ ਬੁੱਗਾ ਕਲਾਂ ਪੁਲਿਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button