ਸੋਨੂੰ ਸੂਦ ਨੇ ਫਿਰ ਜਿੱਤਿਆ ਦਿਲ : ਈਰਾਨ-ਇਜ਼ਰਾਈਲ ਜੰਗ ਦੌਰਾਨ ਦੁਬਈ ‘ਚ ਫਸੇ ਲੋਕਾਂ ਲਈ ਰਹਿਣ-ਖਾਣ ਦਾ ਕਰਨਗੇ ਪ੍ਰਬੰਧ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 6 ਮਾਰਚ : ਕੋਰੋਨਾ ਕਾਲ ‘ਚ ਦੇਸ਼-ਵਿਦੇਸ਼ ਦੇ ਹਜ਼ਾਰਾਂ ਲੋਕਾਂ ਦੀ ਮਦਦ ਕਰ ਚੁੱਕੇ ਅਦਾਕਾਰ ਸੋਨੂੰ ਸੂਦ ਇਕ ਵਾਰ ਫਿਰ ਸੰਕਟ ਦੇ ਸਮੇਂ ਲੋਕਾਂ ਦੇ ਨਾਲ ਖੜ੍ਹੇ ਨਜ਼ਰ ਆਏ ਹਨ। ਇਸ ਵਾਰ ਈਰਾਨ-ਇਜ਼ਰਾਈਲ ਜੰਗ ਕਾਰਨ ਖਾੜੀ ਖੇਤਰ ‘ਚ ਪੈਦਾ ਹੋਏ ਤਣਾਅ ਦੇ ਵਿਚਕਾਰ ਦੁਬਈ ਵਿੱਚ ਫਸੇ ਲੋਕਾਂ ਦੀ ਸਹਾਇਤਾ ਲਈ ਉਨ੍ਹਾਂ ਨੇ ਪਹਿਲ ਕੀਤੀ ਹੈ। ਸੋਨੂੰ ਸੂਦ ਨੇ ਇੰਟਰਨੈੱਟ ਮੀਡੀਆ ਰਾਹੀਂ ਸੰਦੇਸ਼ ਜਾਰੀ ਕਰਕੇ ਕਿਹਾ ਹੈ ਕਿ ਜੋ ਵੀ ਲੋਕ ਮੌਜੂਦਾ ਹਾਲਾਤ ਕਾਰਨ ਦੁਬਈ ‘ਚ ਫਸ ਗਏ ਹਨ ਅਤੇ ਉਨ੍ਹਾਂ ਨੂੰ ਰਹਿਣ ਜਾਂ ਖਾਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਉਨ੍ਹਾਂ ਦੀ ਟੀਮ ਨਾਲ ਸੰਪਰਕ ਕਰ ਸਕਦੇ ਹਨ। ਅਦਾਕਾਰ ਨੇ ਆਪਣੇ ਸੰਦੇਸ਼ ‘ਚ ਸਪੱਸ਼ਟ ਕੀਤਾ ਕਿ ਇਹ ਮਦਦ ਕਿਸੇ ਇੱਕ ਦੇਸ਼ ਦੇ ਨਾਗਰਿਕਾਂ ਤਕ ਸੀਮਤ ਨਹੀਂ ਹੋਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਸੰਕਟ ਦੀ ਇਸ ਘੜੀ ‘ਚ ਇਨਸਾਨੀਅਤ ਸਭ ਤੋਂ ਵੱਡੀ ਚੀਜ਼ ਹੈ ਅਤੇ ਉਨ੍ਹਾਂ ਦੀ ਟੀਮ ਹਰ ਲੋੜਵੰਦ ਦੀ ਸਹਾਇਤਾ ਕਰਨ ਦੀ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ ਕਿ ਦੁਬਈ ਵਿੱਚ ਉਨ੍ਹਾਂ ਦੀ ਟੀਮ ਸਥਾਨਕ ਸਹਿਯੋਗੀਆਂ ਨਾਲ ਮਿਲ ਕੇ ਫਸੇ ਹੋਏ ਲੋਕਾਂ ਲਈ ਸੁਰੱਖਿਅਤ ਰਿਹਾਇਸ਼ ਅਤੇ ਭੋਜਨ ਦੀ ਵਿਵਸਥਾ ਕਰ ਰਹੀ ਹੈ। ਸੋਨੂੰ ਸੂਦ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਦੁਬਈ ਦੀ ਇੱਕ ਰੀਅਲ ਅਸਟੇਟ ਕੰਪਨੀ ਨਾਲ ਮਿਲ ਕੇ ਕਈ ਵਿਲਾ ਅਤੇ ਅਪਾਰਟਮੈਂਟਸ ਦੀ ਵਿਵਸਥਾ ਕੀਤੀ ਹੈ, ਜਿੱਥੇ ਲੋੜਵੰਦ ਲੋਕ ਅਸਥਾਈ ਤੌਰ ‘ਤੇ ਰਹਿ ਸਕਣਗੇ। ਇਨ੍ਹਾਂ ਥਾਵਾਂ ‘ਤੇ ਸੁਰੱਖਿਆ ਅਤੇ ਬੁਨਿਆਦੀ ਸਹੂਲਤਾਂ ਦਾ ਪੂਰਾ ਧਿਆਨ ਰੱਖਿਆ ਜਾਵੇਗਾ। ਜਦੋਂ ਤਕ ਲੋਕ ਆਪਣੇ ਦੇਸ਼ ਸੁਰੱਖਿਅਤ ਵਾਪਸ ਨਹੀਂ ਪਰਤ ਜਾਂਦੇ, ਉਦੋਂ ਤਕ ਉਨ੍ਹਾਂ ਦੇ ਰਹਿਣ-ਖਾਣ ਦਾ ਖਰਚਾ ਵੀ ਉਨ੍ਹਾਂ ਵੱਲੋਂ ਚੁੱਕਿਆ ਜਾਵੇਗਾ। ਇੰਟਰਨੈੱਟ ਮੀਡੀਆ ‘ਤੇ ਸਾਂਝੇ ਕੀਤੇ ਗਏ ਆਪਣੇ ਸੰਦੇਸ਼ ‘ਚ ਸੋਨੂੰ ਸੂਦ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਵਿਅਕਤੀ ਦੁਬਈ ਵਿੱਚ ਫਸਿਆ ਹੋਇਆ ਹੈ ਜਾਂ ਉਸਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੈ ਤਾਂ ਉਹ ਸਿੱਧਾ ਉਨ੍ਹਾਂ ਦੀ ਟੀਮ ਨੂੰ ਮੈਸੇਜ ਕਰ ਸਕਦਾ ਹੈ। ਉਨ੍ਹਾਂ ਦੀ ਟੀਮ ਅਜਿਹੇ ਲੋਕਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੀ ਸਥਿਤੀ ਅਨੁਸਾਰ ਸਹਾਇਤਾ ਮੁਹੱਈਆ ਕਰਵਾਏਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੋਨੂੰ ਸੂਦ ਕਈ ਵਾਰ ਸੰਕਟ ਦੇ ਸਮੇਂ ਲੋਕਾਂ ਦੀ ਮਦਦ ਲਈ ਅੱਗੇ ਆ ਚੁੱਕੇ ਹਨ। ਕੋਰੋਨਾ ਮਹਾਮਾਰੀ ਦੌਰਾਨ ਉਨ੍ਹਾਂ ਨੇ ‘ਘਰ ਭੇਜੋ’ ਮੁਹਿੰਮ ਚਲਾ ਕੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਬੱਸਾਂ ਅਤੇ ਜਹਾਜ਼ਾਂ ਰਾਹੀਂ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ ਸੀ। ਇਸ ਤੋਂ ਇਲਾਵਾ ਵਿਦੇਸ਼ਾਂ ‘ਚ ਫਸੇ ਭਾਰਤੀ ਵਿਦਿਆਰਥੀਆਂ ਅਤੇ ਮਜ਼ਦੂਰਾਂ ਨੂੰ ਵੀ ਸਵਦੇਸ਼ ਪਰਤਾਉਣ ਵਿੱਚ ਉਨ੍ਹਾਂ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਸਮਾਜਿਕ ਕਾਰਜਾਂ ਕਾਰਨ ਸੋਨੂੰ ਸੂਦ ਨੂੰ ਦੇਸ਼-ਵਿਦੇਸ਼ ਵਿੱਚ ਕਾਫੀ ਸ਼ਲਾਘਾ ਮਿਲ ਚੁੱਕੀ ਹੈ। ਹੁਣ ਇੱਕ ਵਾਰ ਫਿਰ ਜੰਗ ਵਰਗੇ ਤਣਾਅਪੂਰਨ ਹਾਲਾਤ ‘ਚ ਉਨ੍ਹਾਂ ਨੇ ਮਦਦ ਦਾ ਹੱਥ ਵਧਾ ਕੇ ਇਹ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਮੁਸ਼ਕਲ ਸਮੇਂ ਵਿੱਚ ਮਨੁੱਖਤਾ ਹੀ ਸਭ ਤੋਂ ਵੱਡੀ ਤਾਕਤ ਹੁੰਦੀ ਹੈ।



