
ਲੁਧਿਆਣਾ, 12 ਮਈ-ਸੰਤ ਸੀਚੇਵਾਲ ਵੱਲੋਂ ਰਖਵਾਏ ਸਮਾਗਮ ਦੌਰਾਨ ਬੁੱਢੇ ਦਰਿਆ ’ਚ ਡੁੱਬ ਕੇ ਦੋ ਬੱਚਿਆਂ ਦੀ ਮੌਤ -ਦੋ ਵਾਰ ਰੋਕਣ ਦੇ ਬਾਵਜੂਦ ਤੀਜੀ ਵਾਰ, ਨਹਾਉਣ ਲਈ ਪਾਣੀ ’ਚ ਵੜ ਗਏ ਸਨ ਬੱਚੇ -ਪਰਿਵਾਰ ਨੇ ਲਾਏ ਪ੍ਰਬੰਧਕਾਂ ’ਤੇ ਲਾਪਰਵਾਹੀ ਦੇ ਦੋਸ਼, ਸਥਿਤੀ ਬਣੀ ਤਣਾਅਪੂਰਨ ਤਾਂ ਪੁੱਜੀ ਪੁਲਿਸ ਸੁਸ਼ੀਲ ਕੁਮਾਰ ਸ਼ਸ਼ੀ, ਪੰਜਾਬੀ ਜਾਗਰਣ, ਲੁਧਿਆਣਾ ਤਾਜਪੁਰ ਰੋਡ ’ਤੇ ਸਥਿਤ ਗੁਰੂ ਰਾਮਦਾਸ ਨਗਰ ਨੇੜੇ ਬੁੱਢਾ ਦਰਿਆ ਦੀ ਸਾਫ਼-ਸਫ਼ਾਈ ਤੋਂ ਬਾਅਦ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਬਣਾਏ ਗਏ ਇਸ਼ਨਾਨ ਘਾਟ ’ਤੇ ਰੱਖੇ ਗਏ ਧਾਰਮਿਕ ਸਮਾਗਮ ਦੌਰਾਨ ਘਾਟ ’ਚ ਨਹਾਉਣ ਗਏ 2 ਬੱਚਿਆਂ ਦੇ ਡੁੱਬਣ ਮਗਰੋਂ ਸਮਾਗਮ ਵਾਲੀ ਥਾਂ ’ਤੇ ਹੜਕੰਪ ਮਚ ਗਿਆ। ਡੁੱਬ ਕੇ ਮਰੇ 17 ਸਾਲਾ ਗੁਰਜੀਤ ਸਿੰਘਤੇ 15 ਸਾਲਾ ਅਭੈ ਕੁਮਾਰ ਦੇ ਮਾਪਿਆਂ ਨੇ ਪ੍ਰਬੰਧਕਾਂ ’ਤੇ ਲਾਪਰਵਾਹੀ ਦਾ ਦੋਸ਼ ਲਗਾਉੰਦਿਆਂ ਕਿਹਾ ਕਿ ਉੱਥੋਂ ਘਾਟ ’ਤੇ ਨਾ ਨਹਾਉਣ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਜਦਕਿ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੋ ਵਾਰ ਬੱਚਿਆਂ ਨੂੰ ਪਾਣੀ ’ਚ ਨਹਾਉਂਦਿਆਂ ਨੂੰ ਕੱਢਿਆ ਸੀ। ਦਰਅਸਲ ਤਾਜਪੁਰ ਰੋਡ ਦੇ ਬੁੱਢੇ ਨਾਲੇ ਨੂੰ ਸਾਫ ਕਰਨ ਦੀ ਮੁਹਿੰਮ ਰਾਜ ਸਭਾ ਮੈਂਬਰ ਤੇ ਸਮਾਜ ਸੇਵੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ’ਚ ਚਲਾਈ ਗਈ ਸੀ। ਇਸੇ ਜਗ੍ਹਾ ’ਤੇ ਸੰਤ ਸੀਚੇਵਾਲ ਦੀ ਮੌਜੂਦਗੀ ’ਚ ਪਾਣੀ ਇਸ਼ਨਾਨ ਘਾਟ ਤਿਆਰ ਕੀਤੇ ਗਏ ਸਨ। ਇਸੇ ਦੇ ਸ਼ੁਕਰਾਨੇ ਲਈ ਇੱਥੇ ਸੁਖਮਨੀ ਸਾਹਿਬ ਦਾ ਪਾਠ ਰਖਵਾਇਆ ਗਿਆ ਸੀ। ਪਾਠ ਤੋਂ ਬਾਅਦ ਲੰਗਰ ਵਰਤਾਇਆ ਜਾ ਰਿਹਾ ਸੀ। ਇਸੇ ਦੌਰਾਨ ਅਭੈ ਤੇ ਗੁਰਜੀਤ ਸਿੰਘ ਨਹਾਉਣ ਲਈ ਦਰਿਆ ’ਚ ਉਤਰ ਗਏ ਤੇ ਪਾਣੀ ਡੂੰਘਾ ਹੋਣ ਕਾਰਨ ਡੁੱਬ ਗਏ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਬਚਾਉਣੀ ਬਹੁਤ ਕੋਸ਼ਿਸ਼ ਕੀਤੀ। ਲੋਕਾਂ ਨੇ ਆਪਣੀਆਂ ਪੱਗਾਂ ਤੱਕ ਪਾਣੀ ’ਚ ਸੁੱਟੀਆਂ ਪਰ ਬੱਚੇ ਬਚ ਨਹੀਂ ਸਕੇ। ਨੇੜੇ ਗੋਤਾਖੋਰ ਨਹੀਂ ਮਿਲੇ ਤਾਂ ਫਿਲੌਰ ਤੋਂ ਗੋਤਾਖੋਰਾਂ ਨੂੰ ਮੰਗਵਾਇਆ ਗਿਆ। ਇਸ ’ਚ ਕਈ ਘੰਟੇ ਲੱਗ ਗਏ, ਜਦੋਂ ਤੱਕ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਪਰ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਲਾਂਸ਼ਾਂ ਬਾਹਰ ਨਿਕਲਦੇ ਹੀ ਮ੍ਰਿਤਕਾਂ ਦੇ ਪਰਿਵਾਰਿਕ ਮੈਂਬਰਾਂ ਨੇ ਦੋਸ਼ ਲਾਇਆ ਕਿ ਪ੍ਰਬੰਧਕ ਸੁਰੱਖਿਆ ਨੂੰ ਯਕੀਨੀ ਬਣਾਉਣ ’ਚ ਅਸਫਲ ਰਹੇ ਹਨ ਤੇ ਕੋਈ ਵੀ ਤੁਰੰਤ ਲੜਕਿਆਂ ਨੂੰ ਬਚਾਉਣ ਲਈ ਪਾਣੀ ਦੇ ਅੰਦਰ ਦਾਖਲ ਨਹੀਂ ਹੋਇਆ। ਹਾਲਾਂਕਿ ਪ੍ਰਬੰਧਕਾਂ ਨੇ ਆਖਿਆ ਕਿ ਬੱਚਿਆਂ ਨੂੰ ਘਟਨਾ ਤੋਂ ਪਹਿਲੋਂ ਹੀ ਚੇਤਾਵਨੀ ਦਿੱਤੀ ਗਈ ਸੀ ਤੇ ਇੱਥੋਂ ਤੱਕ ਕਿ ਉਨ੍ਹਾਂ ਨੂੰ ਕਈ ਵਾਰ ਪਾਣੀ ’ਚੋਂ ਬਾਹਰ ਕੱਢਿਆ ਗਿਆ ਸੀ। ਵਾਰ-ਵਾਰ ਹਦਾਇਤਾਂ ਦੇ ਬਾਵਜੂਦ ਉਹ ਘਾਟ ’ਚ ਵਾਪਸ ਆ ਜਾਂਦੇ। ਕੁਝ ਸਮਾਂ ਬਾਅਦ ਉਹ ਦੁਬਾਰਾ ਪਾਣੀ ’ਚ ਉਤਰ ਗਏ। ਵਲੰਟੀਅਰ ਤੇ ਗੋਤਾਖੋਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਾ ਹੋ ਸਕੇ। ਓਧਰ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਤੇ ਹੋਰ ਲੋਕ ਗੁੱਸੇ ’ਚ ਨਜ਼ਰ ਆਏ ਤਾਂ ਸੂਚਨਾ ਦੇਣ ’ਤੇ ਪੁਲਿਸ ਵੀ ਮੌਕੇ ’ਤੇ ਪੁੱਜ ਗਈ। ਥਾਣਾ ਡਵੀਜ਼ਨ ਨੰਬਰ ਸੱਤ ਦੇ ਇੰਚਾਰਜ ਸਬ-ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਅਗਲੇਰੀ ਕਾਰਵਾਈ ਲਈ ਬੱਚਿਆਂ ਦੇ ਮਾਪਿਆਂ ਦੇ ਬਿਆਨ ਕਲਮਬੰਦ ਕਰੇਗੀ। ਬਾਕਸ ਸੰਤ ਸੀਚੇਵਾਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਦੁਖਾਂਤ ਘਟਨਾ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਇਹ ਸੱਚਮੁੱਚ ਮੰਦਭਾਗਾ ਹਾਦਸਾ ਹੈ। ਇਹ ਘਾਟ ਜਨਤਕ ਇਸ਼ਨਾਨ ਲਈ ਨਹੀਂ ਖੋਲ੍ਹਿਆ ਗਿਆ ਸੀ। ਉਨ੍ਹਾਂ ਆਖਿਆ ਕਿ ਟੀਮ ਨੇ ਪਹਿਲਾਂ ਹੀ ਬੱਚਿਆਂ ਨੂੰ ਪਾਣੀ ’ਚ ਜਾਣ ਤੋਂ ਰੋਕਿਆ ਸੀ। ਸੰਤ ਸੀਚੇਵਾਲ ਨੇ ਆਖਿਆ ਕਿ ਉਹ ਬੇਹਦ ਦੁਖੀ ਹਨ ਤੇ ਦੁਖੀ ਪਰਿਵਾਰਾਂ ਦੀ ਹਰ ਸੰਭਵ ਮਦਦ ਕਰਨ ਲਈ ਵਚਨਬੱਧ ਹਨ।



