Punjab

ਸੇਵਾਮੁਕਤ SI ਦੀ ਪਤਨੀ ਦਾ ਗੋਲੀਆਂ ਮਾਰ ਕੇ ਕਤਲ

ਗੜ੍ਹਸ਼ੰਕਰ, 8 ਫਰਵਰੀ : ਗੜ੍ਹਸ਼ੰਕਰ ਦੇ ਨਜ਼ਦੀਕੀ ਪਿੰਡ ਮਹਿੰਦਵਾਨੀ ਗੁੱਜਰਾਂ ’ਚ ਸੇਵਾਮੁਕਤ ਐੱਸਆਈ ਦੀ ਪਤਨੀ ਦੀ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਔਰਤ ਦੀ ਹੱਤਿਆ ਉਸ ਸਮੇਂ ਕੀਤੀ ਗਈ ਜਦੋਂ ਉਹ ਹਰ ਰੋਜ਼ ਵਾਂਗ ਸ਼ਨਿਚਰਵਾਰ ਸੇਰੇ ਲਗਪਗ 5 ਵਜੇ ਪਿੰਡ ਵਿਚ ਬਣੇ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੀ ਸੀ। ਇਸ ਦੌਰਾਨ ਦੋ ਅਣਪਛਾਤੇ ਹਮਲਾਵਰ ਆਏ ਅਤੇ ਆਉਂਦੇ ਹੀ ਔਰਤ ’ਤੇ ਦੋ ਫਾਇਰ ਕਰ ਦਿੱਤੇ। ਜਦੋਂ ਤੱਕ ਲੋਕ ਇਕੱਠੇ ਹੁੰਦੇ, ਤਦ ਤਕ ਮੁਲਜ਼ਮ ਫ਼ਰਾਰ ਹੋ ਚੁੱਕੇ ਸਨ। ਮਿ੍ਤਕਾ ਦੀ ਪਛਾਣ ਰਚਨਾ ਦੇਵੀ (62) ਪਤਨੀ ਸ਼ਾਮ ਲਾਲ ਦੇ ਰੂਪ ਵਿਚ ਹੋਈ ਹੈ। ਮੌਕੇ ’ਤੇ ਪਹੁੰਚ ਕੇ ਲੋਕਾਂ ਨੇ ਤੁਰੰਤ ਰਚਨਾ ਦੇਵੀ ਨੂੰ ਹਸਪਤਾਲ ਪਹੁੰਚਾਇਆ ਪਰ ਰਚਨਾ ਦੇਵੀ ਦੀ ਉਦੋਂ ਤੱਕ ਮੌਤ ਹੋ ਚੱਕੀ ਸੀ ਅਤੇ ਹਸਪਤਾਲ ’ਚ ਮੌਜੂਦ ਡਾਕਟਰਾਂ ਨੇ ਰਚਨਾ ਦੇਵੀ ਨੂੰ ਮਿ੍ਤਕ ਐਲਾਨ ਦਿੱਤਾ। ਇਸ ਘਟਨਾ ਨਾਲ ਜਿੱਥੇ ਪੂਰੇ ਇਲਾਕੇ ਵਿਚ ਦਹਿਸ਼ਤ ਫੈਲ ਗਈ, ਉਥੇ ਪੁਲਿਸ ਦੀ ਸੁਰੱਖਿਆ ਵਿਵਸਥਾ ’ਤੇ ਵੀ ਸਵਾਲੀਆ ਨਿਸ਼ਾਨ ਲੱਗ ਗਏ ਹਨ। ਜ਼ਿਕਰਯੋਗ ਹੈ ਕਿ ਇਲਾਕੇ ਵਿਚ ਲਗਾਤਾਰ ਅਪਰਾਧਿਕ ਘਟਨਾਵਾਂ ਹੋ ਰਹੀਆਂ ਹਨ ਅਤੇ ਪੁਲਿਸ ਦੇ ਹੱਥ ਖਾਲੀ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹੱਤਿਆ ਕਿਸ ਨੇ ਕੀਤੀ, ਕਿਉਂ ਕੀਤੀ, ਹਤਿਆਰੇ ਕੌਣ ਸਨ, ਇਹ ਹਾਲੇ ਤੱਕ ਬੁਝਾਰਤ ਬਣਿਆ ਹੋਇਆ ਹੈ। ਪੁਲਿਸ ਨੇ ਇਸ ਨੂੰ ਲੈ ਕੇ ਇਲਾਕੇ ਵਿਚ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਹਤਿਆਰਿਆਂ ਦਾ ਕੋਈ ਸੁਰਾਗ ਮਿਲ ਸਕੇ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਰਚਨਾ ਦੇਵੀ ਦੇ ਪਤੀ ਸ਼ਾਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਰਚਨਾ ਦੇਵੀ ਹਰ ਰੋਜ਼ ਸਵੇਰੇ ਧਾਰਮਿਕ ਅਸਥਾਨ ’ਤੇ ਮੱਥਾ ਟੇਕਣ ਜਾਂਦੀ ਸੀ। ਸਵੇਰੇ ਵੀ ਉਹ ਮੱਥਾ ਟੇਕਣ ਗਈ ਸੀ। ਇਸ ਦੌਰਾਨ ਜਦੋਂ ਉਹ ਮੱਥਾ ਟੇਕ ਕੇ ਵਾਪਸ ਆ ਰਹੀ ਸੀ ਤਾਂ ਦੋ ਹਮਲਾਵਰ ਆਏ ਉਨ੍ਹਾਂ ਨੇ ਰਚਨਾ ਦੇਵੀ ਨੂੰ ਗੋਲੀਆਂ ਮਾਰ ਦਿੱਤੀਆਂ ਤੇ ਮੌਕੇ ਤੋਂ ਫ਼ਰਾਰ ਹੋ ਗਏ। ਲੋਕਾਂ ਨੇ ਜਦੋਂ ਗੋਲੀ ਦੀ ਆਵਾਜ਼ ਸੁਣੀ ਤਾਂ ਉਹ ਮੌਕੇ ’ਤੇ ਪੁੱਜੇ ਤੇ ਦੇਖਿਆ ਕਿ ਰਚਨਾ ਦੇਵੀਵ ਗਲੀ ਵਿਚ ਬੇਹੋਸ਼ ਪਈ ਸੀ। ਦੱਸਣਯੋਗ ਹੈ ਕਿ ਰਚਨਾ ਦੇ ਵਤੀ ਸ਼ਾਮ ਲਾਲ ਪੁਲਿਸ ਮੁਲਾਜ਼ਮ ਸਨ ਅਤੇ ਦੋ ਸਾਲ ਪਹਿਲਾਂ ਸਬ ਇੰਸਪੈਕਟਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਜਾਣਕਾਰੀ ਮਿਲਣ ’ਤੇ ਐੱਸਪੀਡੀ ਪਰਮਿੰਦਰ ਸਿੰਘ, ਡੀਐੱਸਪੀ ਦਲਜੀਤ ਸਿੰਘ ਖੱਖ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ ਅਤੇ ਵੱਖ-ਵੱਖ ਪਹਿਲੂਆਂ ਤੋਂ ਜਾਂਚ ਸ਼ੁਰੂ ਕਰ ਦਿੱਤੀ। ਐੱਸਐੱਚਓ ਗਗਨਦੀਪ ਸਿੰਘ ਸੇਖੋਂ ਨੇ ਕਿਹਾ ਕਿ ਪੁਲਿਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਬਾਰੇ ਕੋਈ ਸੁਰਾਗ ਲੱਭਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਤੋਂ ਦੋ ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸਪੱਸ਼ਟ ਹੈ ਕਿ ਗੋਲੀਬਾਰੀ ਕਰਨ ਵਾਲੇ ਚੰਗੀ ਤਰ੍ਹਾਂ ਜਾਣਦੇ ਸਨ ਕਿ ਰਚਨਾ ਦੇਵੀ ਹਰ ਰੋਜ਼ ਤੜਕੇ ਧਾਰਮਿਕ ਸਥਾਨ ’ਤੇ ਜਾਂਦੀ ਹੈ।

Related Articles

Leave a Reply

Your email address will not be published. Required fields are marked *

Back to top button