Punjab

“ਸੀ.ਐੱਮ. ਦੀ ਯੋਗਸ਼ਾਲਾ” ਦੇ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਧੂਮਧਾਮ ਨਾਲ ਮਨਾਇਆ ਜਾਵੇਗਾ : ਡਿਪਟੀ ਕਮਿਸ਼ਨਰ

ਬਾਲ ਕਿਸ਼ਨ
ਫ਼ਿਰੋਜ਼ਪੁਰ, 20 ਜੂਨ : ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਸਿਹਤ ਯੋਜਨਾ “ਸੀ.ਐੱਮ. ਦੀ ਯੋਗਸ਼ਾਲਾ” ਦੇ ਅਧੀਨ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਸੂਬੇ ਭਰ ਵਿੱਚ ਸ਼ਾਨਦਾਰ ਅਤੇ ਉਤਸ਼ਾਹਪੂਰਕ ਢੰਗ ਨਾਲ ਮਨਾਇਆ ਜਾਵੇਗਾ। ਫ਼ਿਰੋਜ਼ਪੁਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਜ਼ਿਲ੍ਹਾ ਪੱਧਰ ‘ਤੇ ਕੰਟੋਨਮੈਂਟ ਸਟੇਡੀਅਮ ਵਿਖੇ ਸਵੇਰੇ 6:00 ਵਜੇ ਤੋਂ 7:00 ਵਜੇ ਤੱਕ ਮਨਾਇਆ ਜਾਵੇਗਾ। ਇਸ ਆਯੋਜਨ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਆਯੁਰਵੇਦ ਵਿਭਾਗ ਦੀ ਸਰਗਰਮ ਭਾਗੀਦਾਰੀ ਨਿਸ਼ਚਿਤ ਕੀਤੀ ਗਈ ਹੈ। ਇਸ ਵਿਸ਼ਾਲ ਯੋਗ ਅਭਿਆਨ ਵਿੱਚ ਆਮ ਲੋਕ, ਵਿਦਿਆਰਥੀ, ਯੋਗ ਅਧਿਆਪਕ, ਸਿਹਤ ਕਰਮਚਾਰੀ ਅਤੇ ਸਮਾਜਿਕ ਸੰਸਥਾਵਾਂ ਦੀ ਵੱਡੀ ਭਾਗੀਦਾਰੀ ਨਿਸ਼ਚਿਤ ਕੀਤੀ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ 19 ਜੂਨ ਨੂੰ ਜਲੰਧਰ ਵਿੱਚ ਆਯੋਜਿਤ ‘ਪੰਜਾਬ ਯੋਗ ਸਮਾਗਮ 2025’ ਤੋਂ ਹੋਈ, ਜਿਸ ਵਿੱਚ 21,000 ਤੋਂ ਵੱਧ ਲੋਕਾਂ ਨੇ ਇਕੱਠੇ ਹੋ ਕੇ ਯੋਗ ਅਭਿਆਸ ਕਰਦੇ ਹੋਏ ਨਵਾਂ ਰਿਕਾਰਡ ਬਣਾਇਆ। ਇਹ ਸਮਾਗਮ ਅੰਤਰਰਾਸ਼ਟਰੀ ਯੋਗ ਦਿਵਸ ਤੋਂ ਪਹਿਲਾਂ ਰਾਜ ਭਰ ਵਿੱਚ ਯੋਗ ਪ੍ਰਤੀ ਜਾਗਰੂਕਤਾ ਦਾ ਪ੍ਰਤੀਕ ਬਣ ਗਿਆ ਹੈ। “ਸੀ.ਐੱਮ. ਦੀ ਯੋਗਸ਼ਾਲਾ” ਯੋਜਨਾ ਤਹਿਤ ਪਹਿਲਾਂ ਹੀ ਸੈਂਕੜੇ ਮਾਹਿਰ ਯੋਗ ਅਧਿਆਪਕ ਸੂਬੇ ਭਰ ਦੇ ਮੁਹੱਲਿਆਂ, ਪਾਰਕਾਂ, ਸਕੂਲਾਂ ਅਤੇ ਸਮੂਹਕ ਥਾਵਾਂ ‘ਤੇ ਮੁਫ਼ਤ ਯੋਗ ਕਲਾਸਾਂ ਚਲਾ ਰਹੇ ਹਨ। ਸਰਕਾਰ ਦਾ ਟੀਚਾ ਹੈ। “ਹਰ ਘਰ ਤੱਕ ਯੋਗ, ਹਰ ਮਨ ਵਿੱਚ ਸਿਹਤ”,
ਅਤੇ ਇਸੀ ਸੋਚ ਨੂੰ ਅੱਗੇ ਵਧਾਉਂਦੇ ਹੋਏ ਅੰਤਰਰਾਸ਼ਟਰੀ ਯੋਗ ਦਿਵਸ ਨੂੰ ਜਨ-ਜਨ ਦਾ ਉਤਸਵ ਬਣਾਇਆ ਜਾ ਰਿਹਾ ਹੈ। ਰਾਜ ਸਰਕਾਰ ਨੇ ਸਾਰੇ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ 21 ਜੂਨ ਨੂੰ ਇਸ ਇਤਿਹਾਸਕ ਯੋਗ ਉਤਸਵ ਵਿੱਚ ਭਾਗ ਲੈਣ ਅਤੇ ਇਕ ਸਿਹਤਮੰਦ, ਮਜ਼ਬੂਤ ਅਤੇ ਜਾਗਰੂਕ ਪੰਜਾਬ ਦੀ ਨਿਰਮਾਣ ਵਿਚ ਆਪਣਾ ਸਰਗਰਮ ਯੋਗਦਾਨ ਪਾਓ।

Related Articles

Leave a Reply

Your email address will not be published. Required fields are marked *

Back to top button