ਸੀ.ਐਮ. ਦੀ ਯੋਗਸ਼ਾਲਾ ਤਹਿਤ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ
ਦਰਬਾਰ ਗੰਜ ਵਿਖੇ ਜ਼ਿਲ੍ਹਾ ਪੱਧਰ ’ਤੇ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ-ਪੂਨਮਦੀਪ ਕੌਰ

ਫਰੀਦਕੋਟ,19 ਜੂਨ : ਸੀ.ਐਮ. ਦੀ ਯੋਗਸ਼ਾਲਾ ਤਹਿਤ 21 ਜੂਨ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਦੇ ਸਬੰਧ ਵਿੱਚ ਜਿਲ੍ਹਾ ਪੱਧਰੀ ਸਮਾਗਮ ਦਰਬਾਰ ਗੰਜ ਫਰੀਦਕੋਟ ਵਿਖੇ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਤਿਆਰੀ ਸਬੰਧੀ ਮੀਟਿੰਗ ਦੌਰਾਨ ਦਿੱਤੀ। ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਜਾਣ। ਉਨ੍ਹਾਂ ਦੱਸਿਆ ਕਿ ਫਰੀਦਕੋਟ ਦੇ ਜਿਲ੍ਹਾ ਪੱਧਰੀ ਸਮਾਗਮ ਤੋਂ ਇਲਾਵਾ ਕੋਟਕਪੂਰਾ ਦੇ ਲਾਜਪਤ ਪਾਰਕ ਸਾਹਮਣੇ ਤਹਿਸੀਲ ਕੰਪਲੈਕਸ ਅਤੇ ਜੈਤੋ ਵਿਖੇ ਕਾਲੂ ਰਾਮ ਦੀ ਬਗੀਚੀ ਨੇੜੇ ਪੰਚਾਇਤੀ ਗਊਸ਼ਾਲਾ ਵਿਖੇ ਯੋਗ ਸਮਾਗਮ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਨੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਸਮਾਗਮਾਂ ਵਿੱਚ ਪਿੰਡਾਂ ਦੇ ਸਰਪੰਚਾਂ, ਪੰਚਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ। ਇਸੇ ਤਰ੍ਹਾਂ ਐਨ.ਜੀ.ਓ, ਆਮ ਲੋਕਾਂ ਤੋਂ ਇਲਾਵਾ ਖੇਡ ਵਿਭਾਗ ਨਾਲ ਸਬੰਧਤ ਖਿਡਾਰੀ ਤੇ ਸਕੂਲਾਂ ਦੇ ਬੱਚੇ ਵੀ ਇਨ੍ਹਾਂ ਸਮਾਗਮਾਂ ਵਿੱਚ ਭਾਗ ਲੈਣਗੇ। ਉਨ੍ਹਾਂ ਨੇ ਨੋਡਲ ਵਿਭਾਗ ਜਿਲ੍ਹਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਨੂੰ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰਨ ਤੇ ਲੋੜ ਅਨੁਸਾਰ ਦੂਜੇ ਵਿਭਾਗਾਂ ਤੋਂ ਸਹਿਯੋਗ ਲੈਣ। ਇਸ ਮੌਕੇ ਉਨ੍ਹਾਂ ਪੀਣ ਵਾਲੇ ਪਾਣੀ, ਸ਼ਾਮੇਆਨੇ, ਸਾਊਂਡ, ਬੈਕਡਰਾਪ, ਦਰੀਆਂ ਆਦਿ ਦੇ ਪ੍ਰਬੰਧ ਵੀ ਕਰਨ ਨੂੰ ਕਿਹਾ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰੀ ਸਮਾਗਮ ਦੇ ਨੋਡਲ ਅਫਸਰ ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਗੁਰਕਿਰਨਦੀਪ ਸਿੰਘ ਸਿੱਧੂ ਹੋਣਗੇ ਜਦੋਂ ਕਿ ਕੋਟਕਪੂਰਾ ਵਿਖੇ ਐਸ.ਡੀ.ਐਮ. ਕੋਟਕਪੂਰਾ ਸ. ਵਰਿੰਦਰ ਸਿੰਘ ਅਤੇ ਜੈਤੋ ਵਿਖੇ ਐਸ.ਡੀ.ਐਮ. ਜੈਤੋ ਸ੍ਰੀ ਸੂਰਜ ਕੁਮਾਰ ਹੋਣਗੇ। ਇਸ ਮੌਕੇ ਐਸ.ਡੀ.ਐਮ. ਕੋਟਕਪੂਰਾ ਸ੍ਰੀ ਵਰਿੰਦਰ ਸਿੰਘ, ਐਸ.ਡੀ.ਐਮ. ਜੈਤੋ ਸ੍ਰੀ ਸੂਰਜ ਕੁਮਾਰ, ਡੀ.ਡੀ.ਪੀ.ਓ ਸ. ਰਣਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਨਿਰਮਲਜੀਤ ਸਿੰਘ ਬਰਾੜ, ਡਾ. ਨਵਜੋਤਪ੍ਰੀਤ ਕੌਰ ਜਿਲ੍ਹਾ ਆਯੂਰਵੈਦਿਕ ਅਫਸਰ, ਜਿਲ੍ਹਾ ਕੁਆਰਡੀਨੇਟਰ ਯੋਗ ਨੇਹਾ, ਡਿਪਟੀ ਮਾਸ ਮੀਡੀਆ ਅਫਸਰ ਸੁਧੀਰ ਧੀਰ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।



