
ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 28 ਨਵੰਬਰ : 15 ਸਾਲ ਪਹਿਲਾਂ ਸੈਕਟਰ-38 ‘ਚ 21 ਸਾਲਾ ਐਮਬੀਏ ਦੀ ਵਿਦਿਆਰਥਣ ਦਾ ਬੇਰਹਿਮੀ ਨਾਲ ਕਤਲ ਕਰਨ ਵਾਲੇ ਸੀਰੀਅਲ ਕਿਲਰ ਮੋਨੂੰ ਕੁਮਾਰ ਨੂੰ ਸ਼ੁੱਕਰਵਾਰ ਨੂੰ ਸਪੈਸ਼ਲ ਫਾਸਟ ਟਰੈਕ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ। ਅਦਾਲਤ ਨੇ ਉਸਨੂੰ ਵੀਰਵਾਰ ਨੂੰ ਦੋਸ਼ੀ ਕਰਾਰ ਦਿੱਤਾ ਸੀ। ਪਿਛਲੇ ਸਾਲ ਚੰਡੀਗੜ੍ਹ ਪੁਲਿਸ ਨੇ ਇਸ ਬਲਾਈਂਡ ਮਰਡਰ ਕੇਸ ਦੀ ਗੁੱਥੀ ਸੁਲਝਾ ਲਈ ਸੀ ਤੇ ਸੈਕਟਰ-38 ਦੀ ਸ਼ਾਹਪੁਰ ਕਾਲੋਨੀ ਦੇ ਰਹਿਣ ਵਾਲੇ ਮੋਨੂੰ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ। ਦੋਸ਼ੀ ਮੋਨੂੰ 14 ਸਾਲ ਤਕ ਪੁਲਿਸ ਤੋਂ ਬਚਦਾ ਰਿਹਾ ਸੀ। ਉਹ ਇੰਨਾ ਸ਼ਾਤਿਰ ਸੀ ਕਿ ਆਪਣੇ ਕੋਲ ਮੋਬਾਈਲ ਵੀ ਨਹੀਂ ਰੱਖਦਾ ਸੀ। ਆਖਿਰਕਾਰ, ਪਿਛਲੇ ਸਾਲ ਪੁਲਿਸ ਨੇ ਉਸਨੂੰ ਸ਼ੱਕ ਦੇ ਆਧਾਰ ‘ਤੇ ਫੜਿਆ ਤੇ ਉਸਦਾ ਡੀਐਨਏ ਸੈਂਪਲ ਲਿਆ। ਪੁਲਿਸ ਨੇ ਨੇਹਾ ਦੀ ਲਾਸ਼ ਤੋਂ ਕੁਝ ਡੀਐਨਏ ਸੈਂਪਲ ਲੈ ਰੱਖੇ ਸਨ ਤੇ ਜਦੋਂ ਮੋਨੂੰ ਦੇ ਡੀਐਨਏ ਸੈਂਪਲ ਨੂੰ ਉਨ੍ਹਾਂ ਨਾਲ ਮਿਲਾਇਆ ਗਿਆ ਤਾਂ ਉਹ ਮੈਚ ਹੋ ਗਏ। ਇਸ ਤੋਂ ਇਹ ਸਾਬਿਤ ਹੋ ਗਿਆ ਕਿ ਮੋਨੂੰ ਨੇ ਹੀ ਨੇਹਾ ਨਾਲ ਜਬਰ ਜਨਾਹ ਕੀਤਾ ਸੀ ਤੇ ਫਿਰ ਉਸ ਦੀ ਹੱਤਿਆ ਕਰ ਦਿੱਤੀ ਸੀ। ਉਹ ਦੋ ਹੋਰ ਔਰਤਾਂ ਦੀ ਹੱਤਿਆ ਵੀ ਕਰ ਚੁੱਕਾ ਹੈ।
ਡੀਐਨਏ ਤੋਂ ਫੜਿਆ ਗਿਆ ਸੀ ਮੁਲਜ਼ਮ
ਕਰੀਬ 14 ਸਾਲ ਤਕ ਪੁਲਿਸ ਮ੍ਰਿਤਕ ਵਿਦਿਆਰਥਣ ਦੇ ਹਤਿਆਰੇ ਨੂੰ ਫੜ ਨਹੀਂ ਪਾ ਰਹੀ ਸੀ। ਪੁਲਿਸ ਦੇ ਨਾਲ-ਨਾਲ ਪਰਿਵਾਰ ਨੇ ਵੀ ਇਨਸਾਫ਼ ਦੀ ਆਸ ਛੱਡ ਦਿੱਤੀ ਸੀ। ਪੁਲਿਸ ਨੇ ਤਾਂ ਇਸ ਮਾਮਲੇ ਨੂੰ ਬੰਦ ਕਰ ਕੇ ਜ਼ਿਲ੍ਹਾ ਅਦਾਲਤ ‘ਚ ਅਨਟਰੇਸ ਰਿਪੋਰਟ ਵੀ ਦਾਖਲ ਕਰ ਦਿੱਤੀ ਸੀ। ਹਾਲਾਂਕਿ, ਅੰਦਰਖਾਤੇ ਪੁਲਿਸ ਨੇ ਜਾਂਚ ਜਾਰੀ ਰੱਖੀ ਸੀ। ਪੁਲਿਸ ਨੇ ਇਨ੍ਹਾਂ ਸਾਲਾਂ ‘ਚ ਕਈ ਸ਼ੱਕੀ ਲੋਕਾਂ ਦੇ ਡੀਐਨਏ ਸੈਂਪਲ ਲਏ ਤਾਂ ਜੋ ਹਤਿਆਰੇ ਤਕ ਪਹੁੰਚਿਆ ਜਾ ਸਕੇ। ਪੁਲਿਸ ਕੋਲ ਡੀਐਨਏ ਸੈਂਪਲ ਹੀ ਇਕ ਜ਼ਰੀਆ ਸੀ ਜਿਸ ਨਾਲ ਹਤਿਆਰੇ ਦਾ ਪਤਾ ਲਗਾਇਆ ਜਾ ਸਕਦਾ ਸੀ। ਪੁਲਿਸ ਨੂੰ ਜਦੋਂ ਵਿਦਿਆਰਥਣ ਦੀ ਲਾਸ਼ ਮਿਲੀ ਸੀ ਤਾਂ ਉਸਦੇ ਕੱਪੜਿਆਂ ਤੇ ਸਰੀਰ ਦੇ ਅੰਗਾਂ ਤੋਂ ਕੁਝ ਡੀਐਨਏ ਸੈਂਪਲ ਲਏ ਸਨ ਜੋ ਕਿ ਉਸਦੇ ਨਾਲ ਜਬਰ ਜਨਾਹ ਤੇ ਉਸਦਾ ਕਤਲ ਕਰਨ ਵਾਲੇ ਸਨ। ਇਨ੍ਹਾਂ ਸਾਲਾਂ ‘ਚ ਪੁਲਿਸ ਨੇ ਕਰੀਬ 100 ਸ਼ੱਕੀ ਲੋਕਾਂ ਦੇ ਡੀਐਨਏ ਸੈਂਪਲ ਲਏ ਸਨ।
ਇੱਕ ਔਰਤ ਦੀ ਹੱਤਿਆ ਦੀ ਜਾਂਚ ਦੌਰਾਨ ਮਿਲਿਆ ਸੁਰਾਗ
ਪੁਲਿਸ ਨੂੰ ਜਨਵਰੀ, 2022 ‘ਚ ਸੈਕਟਰ-54 ਵਿਚ ਇਕ ਔਰਤ ਦੀ ਲਾਸ਼ ਮਿਲੀ ਸੀ। ਉਸ ਦੇ ਨਾਲ ਵੀ ਜਬਰ ਜਨਾਹ ਕੀਤਾ ਗਿਆ ਸੀ। ਪੁਲਿਸ ਉਸਦੇ ਕਾਤਲ ਨੂੰ ਵੀ ਲੱਭ ਨਹੀਂ ਪਾ ਰਹੀ ਸੀ। ਦੋਵਾਂ ਹੱਤਿਆਵਾਂ ਦਾ ਪੈਟਰਨ ਇੱਕੋ ਜਿਹਾ ਸੀ, ਇਸ ਲਈ ਪੁਲਿਸ ਨੇ ਉਸ ਔਰਤ ਦੀ ਲਾਸ਼ ਤੋਂ ਮਿਲੇ ਡੀਐਨਏ ਦਾ ਵਿਦਿਆਰਥਣ ਦੀ ਲਾਸ਼ ਤੋਂ ਮਿਲੇ ਡੀਐਨਏ ਨਾਲ ਮਿਲਾਨ ਕਰਵਾਇਆ ਤਾਂ ਉਹ ਮੈਚ ਹੋ ਗਿਆ। ਇਸ ਤਰ੍ਹਾਂ ਪੁਲਿਸ ਨੂੰ ਇਕ ਸੁਰਾਗ ਮਿਲ ਗਿਆ ਕਿ 2010 ‘ਚ ਵਿਦਿਆਰਥਣ ਦਾ ਕਤਲ ਕਰਨ ਵਾਲਾ ਅਤੇ 2022 ‘ਚ ਔਰਤ ਦਾ ਕਤਲ ਕਰਨ ਵਾਲਾ ਕਾਤਲ ਇੱਕੋ ਹੈ। ਇਸ ਤਰ੍ਹਾਂ ਪੁਲਿਸ ਨੇ ਜਾਂਚ ਦਾ ਦਾਇਰਾ ਵਧਾ ਦਿੱਤਾ। ਇਸ ਦੌਰਾਨ ਪੁਲਿਸ ਨੂੰ ਮੋਨੂੰ ਕੁਮਾਰ ਵੀ ਮਿਲ ਗਿਆ। ਪੁਲਿਸ ਨੇ ਜਦੋਂ ਮੋਨੂੰ ਦੇ ਡੀਐਨਏ ਦੀ ਜਾਂਚ ਕੀਤੀ ਤਾਂ ਉਹ ਉਨ੍ਹਾਂ ਦੋਵਾਂ ਕਤਲਾਂ ਨਾਲ ਮੈਚ ਕਰ ਗਿਆ।
ਕੋਚਿੰਗ ਲਈ ਨਿਕਲੀ ਸੀ ਘਰੋਂ
ਸੈਕਟਰ-38 ਦੀ ਰਹਿਣ ਵਾਲੀ 21 ਸਾਲਾ ਵਿਦਿਆਰਥਣ 30 ਜੁਲਾਈ 2010 ਨੂੰ ਘਰੋਂ ਕੋਚਿੰਗ ਲਈ ਨਿਕਲੀ ਸੀ। ਉਹ ਐਮਬੀਏ ਦੀ ਕੋਚਿੰਗ ਲੈ ਰਹੀ ਸੀ। ਆਮ ਤੌਰ ‘ਤੇ ਉਹ ਰਾਤ ਨੂੰ ਨੌਂ ਵਜੇ ਤਕ ਘਰ ਵਾਪਸ ਆ ਜਾਂਦੀ ਸੀ, ਪਰ ਉਸ ਰਾਤ ਉਸਨੂੰ ਘਰ ਵਾਪਸ ਆਉਣ ‘ਚ ਕਾਫੀ ਦੇਰ ਹੋ ਗਈ। ਪਰਿਵਾਰ ਨੂੰ ਚਿੰਤਾ ਹੋਣ ਲੱਗੀ, ਕਿਉਂਕਿ ਉਸਦਾ ਫ਼ੋਨ ਵੀ ਨਹੀਂ ਲੱਗ ਰਿਹਾ ਸੀ। ਕੋਚਿੰਗ ਇੰਸਟੀਚਿਊਟ ਕੋਲ ਵੀ ਵਿਦਿਆਰਥਣ ਦੀ ਕੋਈ ਜਾਣਕਾਰੀ ਨਹੀਂ ਸੀ। ਅਜਿਹੇ ‘ਚ ਪਰਿਵਾਰ ਨੇ ਬੇਟੀ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਸੈਕਟਰ-39 ਦੇ ਪੁਲਿਸ ਸਟੇਸ਼ਨ ‘ਚ ਉਸਦੀ ਗੁੰਮਸ਼ੁਦਗੀ ਦੀ ਰਿਪੋਰਟ ਵੀ ਲਿਖਾਈ ਗਈ। ਪਰਿਵਾਰ ਨੇ ਸੈਕਟਰ-38 ਦੇ ਇਕ ਟੈਕਸੀ ਸਟੈਂਡ ਕੋਲ ਵਿਦਿਆਰਥਣ ਦੀ ਸਕੂਟੀ ਦੇਖੀ ਜਿਸ ‘ਤੇ ਖੂਨ ਦੇ ਨਿਸ਼ਾਨ ਸਨ। ਉਨ੍ਹਾਂ ਆਸ-ਪਾਸ ਦੇ ਇਲਾਕੇ ‘ਚ ਖੋਜ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਆਪਣੀ ਧੀ ਦੀ ਲਾਸ਼ ਮਿਲੀ। ਉਸਦੇ ਸਿਰ ‘ਤੇ ਕਿਸੇ ਭਾਰੀ ਚੀਜ਼ ਨਾਲ ਵਾਰ ਕੀਤਾ ਗਿਆ ਸੀ।



