
ਰਾਮਪੁਰਾ ਫੂਲ, 17 ਮਈ- ਅੱਜ ਮੌੜ-ਰਾਮਪੁਰਾ ਰੋਡ ’ਤੇ ਸਵੇਰ ਦੇ ਕਰੀਬ ਸਵਾ 5 ਵਜੇ ਇਕ ਖਤਰਨਾਕ ਐਕਸੀਡੈਂਟ ਵਿਚ ਸੀਨੀਅਰ ਸਿਪਾਹੀ ਰਮਨਦੀਪ ਕੌਰ ਮੰਡੀ ਕਲਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਰਮਨਦੀਪ ਕੌਰ ਨੰਬਰ 859/ਬਠਿੰਡਾ ਡੀਐਸਪੀ ਦਫਤਰ ਫੂਲ ਵਿਖੇ ਸੀਨੀਅਰ ਸਿਪਾਹੀ ਵਜੋਂ ਤੈਨਾਤ ਸੀ ਅਤੇ ਅੱਜ ਸਵੇਰੇ ਲਾਅ ਐਂਡ ਆਰਡਰ ਡਿਊਟੀ ਸਬੰਧੀ ਉਸ ਨੇ ਸਵੇਰੇ ਰਾਮਪੁਰਾ ਸਿਟੀ ਥਾਣੇ ਵਿੱਚ ਪਹੁੰਚਣਾ ਸੀ। ਜਦੋਂ ਰਮਨਦੀਪ ਕੌਰ ਆਪਣੀ ਸਕੂਟਰੀ ’ਤੇ ਰਾਮਪੁਰਾ ਵੱਲ ਜਾ ਰਹੀ ਸੀ ਤਾਂ ਰਾਮਪੁਰਾ ਵੱਲੋਂ ਮੌੜ ਵੱਲ ਜਾ ਰਹੇ ਇੱਕ ਪਿੱਕ ਅਪ ਵਾਹਨ ਨੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦਿਆਂ ਸਕੂਟਰੀ ਨੂੰ ਟੱਕਰ ਮਾਰ ਦਿੱਤੀ। ਇਹ ਟੱਕਰ ਇੰਨ੍ਹੀ ਭਿਆਨਕ ਸੀ ਕਿ ਰਮਨਦੀਪ ਕੌਰ ਦੀ ਥਾਂ ’ਤੇ ਹੀ ਡਿੱਗ ਕੇ ਮੌਤ ਹੋ ਗਈ। ਇੱਥੇ ਦੱਸਣਾ ਬਣਦਾ ਹੈ ਕਿ ਰਮਨਦੀਪ ਕੌਰ ਦੇ ਪਤੀ ਗੁਰਦਿੱਤ ਸਿੰਘ ਵੀ ਪੁਲਿਸ ਵਿੱਚ ਸਿਪਾਹੀ ਵਜੋਂ ਨੌਕਰੀ ਕਰਦੇ ਹਨ ਅਤੇ ਉਹ ਵੀ ਲਾਅ ਐਂਡ ਆਰਡਰ ਦੀ ਡਿਊਟੀ ਲਈ ਆਪਣੇ ਮੋਟਰਸਾਈਕਲ ’ਤੇ ਸਕੂਟਰੀ ਦੇ ਪਿੱਛੇ ਪਿੱਛੇ ਆ ਰਹੇ ਸਨ। ਗੁਰਦਿੱਤ ਸਿੰਘ ਨੇ ਥਾਣਾ ਸਿਟੀ ਰਾਮਪੁਰਾ ਵਿਖੇ ਦਿੱਤੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਕਤ ਬਲੈਰੋ ਪਿਕਅਪ ਗੱਡੀ ਇਕ ਮੋਨਾ ਵਿਅਕਤੀ ਚਲਾ ਰਿਹਾ ਸੀ, ਜਿਸ ਨੇ ਬਿਨਾਂ ਹਾਰਨ ਦਿੱਤੇ ਟਰੱਕ ਨੂੰ ਲਾਪਰਵਾਹੀ ਨਾਲ ਓਵਰਟੇਕ ਕਰਦਿਆਂ ਆਪਣੀ ਬਲੈਰੋ ਗੱਡੀ ਉਸਦੀ ਪਤਨੀ ਰਮਨਦੀਪ ਕੌਰ ਦੀ ਸਕੂਟਰੀ ਵਿੱਚ ਮਾਰ ਦਿੱਤੀ ਜਿਸ ਨਾਲ ਉਸ ਦੀ ਪਤਨੀ ਸਕੂਟਰੀ ਸਮੇਤ ਬੁੜਕ ਕੇ ਸਾਈਡ ’ਤੇ ਡਿੱਗ ਪਈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਕੋਲ ਪਹੁੰਚ ਕੇ ਉਸ ਨੂੰ ਸੰਭਾਲਣ ਲੱਗਿਆ ਤਾਂ ਬਲੈਰੋ ਗੱਡੀ ਦਾ ਡਰਾਈਵਰ ਵੀ ਉਨ੍ਹਾਂ ਕੋਲ ਆਇਆ ਜਿਸਨੇ ਆਪਣਾ ਨਾਮ ਹਰਪਾਲ ਸਿੰਘ ਵਾਸੀ ਜੱਜਲ ਦੱਸਿਆ। ਜਦੋਂ ਉਸ ਨੇ ਰਮਨਦੀਪ ਕੌਰ ਨੂੰ ਹਿਲਾ ਕੇ ਦੇਖਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ ਅਤੇ ਇਸ ਦੌਰਾਨ ਹਰਪਾਲ ਸਿੰਘ ਵਾਸੀ ਜੱਜਲ ਆਪਣੀ ਚਿੱਟੇ ਰੰਗ ਦੀ ਬਲੈਰੋ ਪਿਕਅਪ ਨੰਬਰ ਪੀਬੀ 03 ਬੀਜੀ5951 ਲੈ ਕੇ ਫਰਾਰ ਹੋ ਗਿਆ। ਮ੍ਰਿਕ ਰਮਨਦੀਪ ਕੌਰ ਦੇ ਪੰਜ ਸਾਲ ਅਤੇ ਦੋ ਸਾਲ ਦੇ 2 ਛੋਟੇ ਛੋਟੇ ਬੱਚੇ ਹਨ ।
ਕੀ ਕਹਿੰਦੇ ਨੇ ਐਸਐਚਓ
ਇਸ ਮਾਮਲੇ ਸਬੰਧੀ ਥਾਣਾ ਸਿਟੀ ਰਾਮਪੁਰਾ ਦੇ ਮੁਖੀ ਬੂਟਾ ਸਿੰਘ ਨੇ ਕਿਹਾ ਕਿ ਸੀਨੀਅਰ ਸਿਪਾਹੀ ਰਮਨਦੀਪ ਕੌਰ ਦੀ ਮੌਤ ਲਾਅ ਐਂਡ ਆਰਡਰ ਦੀ ਡਿਊਟੀ ਲਈ ਆਉਣ ਮੌਕੇ ਹੀ ਹੋਈ ਹੈ ਅਤੇ ਉਸ ਦੇ ਪਤੀ ਗੁਰਦਿੱਤ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਬੀਐਨਐਸ ਦੀਆਂ ਧਰਾਵਾਂ ਤਹਿਤ ਹਰਪਾਲ ਸਿੰਘ ਵਾਸੀ ਜੱਜਲ ’ਤੇ ਮੁਕਦਮਾ ਦਰਜ ਕਰ ਲਿਆ ਹੈ ਅਤੇ ਕਾਫੀ ਮਿਹਨਤ ਮੁਸ਼ੱਕਤ ਤੋਂ ਬਾਅਦ ਉਸ ਨੂੰ ਬਲੈਰੋ ਗੱਡੀ ਸਮੇਤ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।



