Punjab

ਸੀਐੱਮ ਦੀ ਕੋਠੀ ਮੂਹਰੇ ਬੇਰੁਜ਼ਗਾਰਾਂ ਤੇ ਪੁਲਿਸ ਵਿਚਾਲੇ ਧੱਕਾ-ਮੁੱਕੀ

ਸੰਗਰੂਰ, 24 ਮਾਰਚ-​​​​​​​ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ’ਚ ਸੂਬੇ ਭਰ ਤੋਂ ਰੁਜ਼ਗਾਰ ਮੰਗਣ ਲਈ ਮੁੱਖ ਮੰਤਰੀ ਦੀ ਕੋਠੀ ਅੱਗੇ ਪੁੱਜੇ ਬੇਰੁਜ਼ਗਾਰਾਂ ਤੇ ਪੁਲਿਸ ਵਿਚਕਾਰ ਧੱਕਾਮੁੱਕੀ ਹੋ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਮੌਕੇ ਮੋਰਚੇ ਦੇ ਆਗੂਆਂ ਸੁਖਵਿੰਦਰ ਸਿੰਘ ਢਿੱਲਵਾਂ, ਜਸਵੰਤ ਘੁਬਾਇਆ, ਰਮਨ ਕੁਮਾਰ ਮਲੋਟ, ਹਰਜਿੰਦਰ ਸਿੰਘ ਝੁਨੀਰ ਤੇ ਹਰਜਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ 2 ਮਾਰਚ ਦੇ ਰੋਸ ਪ੍ਰਦਰਸ਼ਨ ਮੌਕੇ ਸਥਾਨਕ ਪ੍ਰਸ਼ਾਸਨ ਨੇ 5 ਮਾਰਚ ਨੂੰ ਪੰਜਾਬ ਕੈਬਨਿਟ ਸਬ ਕਮੇਟੀ ਨਾਲ ਮੀਟਿੰਗ ਕਰਵਾਉਣ ਦੀ ਪੱਤ੍ਰਿਕਾ ਜਾਰੀ ਕੀਤੀ ਸੀ ਪਰ ਕਰੀਬ ਦੋ ਹਫ਼ਤੇ ਲੰਘਣ ਦੇ ਬਾਵਜੂਦ ਸਰਕਾਰ ਵੱਲੋਂ ਕੋਈ ਮੀਟਿੰਗ ਨਹੀਂ ਕੀਤੀ ਗਈ। ਸਥਾਨਕ ਵੇਰਕਾ ਮਿਲਕ ਪਲਾਂਟ ਤੋਂ ਇਕੱਠੇ ਹੋ ਕੇ ਬੇਰੁਜ਼ਗਾਰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਫੋਟੋ ਲੈ ਕੇ ਮੁੱਖ ਮੰਤਰੀ ਦੀ ਕੋਠੀ ਵੱਲ ਨੂੰ ਮਾਰਚ ਕਰਦੇ ਹੋਏ ਜਿਉਂ ਹੀ ਮੁੱਖ ਮੰਤਰੀ ਦੀ ਕੋਠੀ ਅੱਗੇ ਪਹੁੰਚੇ ਤਾਂ ਪਹਿਲਾਂ ਤੋਂ ਤਾਇਨਾਤ ਪੁਲਿਸ ਪ੍ਰਸ਼ਾਸਨ ਨੇ ਰੋਕਣਾ ਚਾਹਿਆ ਤਾਂ ਬੇਰੁਜ਼ਗਾਰ ਅੱਗੇ ਵਧਣ ਲਈ ਜੱਦੋਜਹਿਦ ਕਰਦੇ ਰਹੇ। ਪੁਲਿਸ ਪ੍ਰਸ਼ਾਸਨ ਨੇ ਬੇਰੁਜ਼ਗਾਰਾਂ ਨੂੰ ਖਦੇੜ ਦਿੱਤਾਆਗੂਆਂ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ’ਚ ਪ੍ਰਿੰਸੀਪਲਾਂ, ਲੈਕਚਰਾਰਾਂ, ਮੁੱਖ ਅਧਿਆਪਕਾਂ ਤੇ ਵਿਸ਼ਾ ਅਧਿਆਪਕਾਂ ਦੀਆਂ ਹਜ਼ਾਰਾਂ ਦੀਆਂ ਹਜ਼ਾਰਾਂ ਅਸਾਮੀਆਂ ਖਾਲੀ ਪਈਆਂ ਹਨ ਤੇ ਦੂਜੇ ਪਾਸੇ ਬੇਰੁਜ਼ਗਾਰ ਟੈੱਟ ਪਾਸ ਬੀਐੱਡ ਅਧਿਆਪਕ ਨੌਕਰੀ ਲੈਣ ਲਈ ਸੜਕਾਂ ’ਤੇ ਧਰਨੇ ਤੇ ਮੁਜ਼ਾਹਰੇ ਕਰਨ ਲਈ ਮਜਬੂਰ ਹੋ ਰਹੇ ਹਨ। ਭਰਤੀ ਨਾ ਕੀਤੇ ਜਾਣ ਕਰ ਕੇ ਇਨ੍ਹਾਂ ’ਚੋਂ 5 ਹਜ਼ਾਰ ਦੇ ਲਗਪਗ ਟੈੱਟ ਪਾਸ ਅਧਿਆਪਕ ਉਮਰ ਦੀ ਨਿਰਧਾਰਿਤ ਹੱਦ ਪਾਰ ਕਰ ਚੁੱਕੇ ਹਨ ਅਤੇ ਦਸ ਹਜ਼ਾਰ ਦੇ ਲਗਪਗ ਹੋਰ ਅਧਿਆਪਕਾਂ ਵੱਲੋਂ ਪਾਸ ਕੀਤੇ ਟੈੱਟ ਦੀ ਮਿਆਦ ਖ਼ਤਮ ਹੋਣ ਵਾਲੀ ਹੈ। ਲੋੜ ਤਾਂ ਇਹ ਹੈ ਕਿ ਲੋਕਾਂ ਦੀ ਸਹੂਲਤ ਲਈ ਹੋਰ ਨਵੇਂ ਸਕੂਲ ਖੋਲ੍ਹੇ ਜਾਣ ਤੇ ਅਧਿਆਪਕਾਂ ਦੀਆਂ ਨਵੀਆਂ ਅਸਾਮੀਆਂ ਸਿਰਜੀਆਂ ਜਾਣ, ਪਰ ਸਰਕਾਰ ਪਹਿਲਾਂ ਤੋਂ ਚੱਲ ਰਹੇ ਸਕੂਲਾਂ ਨੂੰ ਵੀ ਬੰਦ ਕਰ ਰਹੀ ਹੈ। ਖਾਲੀ ਅਸਾਮੀਆਂ ਭਰਨ ਦੀ ਬਜਾਏ ਆਰਜ਼ੀ ਪ੍ਰਬੰਧਾਂ ਰਾਹੀਂ ਬੁੱਤਾ ਸਾਰਿਆ ਜਾ ਰਿਹਾ ਹੈ।ਇਸ ਮੌਕੇ ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਓਵਰ ਏਜ਼ ਪਰਮਿੰਦਰ ਸਿੰਘ ਹੁਸ਼ਿਆਰਪੁਰ ਨੇ ਆਪਣੇ ਗਲ਼ ’ਚ ਸੰਗਲ ਪਾ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਅਮਨ ਸੇਖਾ, ਸੰਦੀਪ ਧੌਲਾ, ਨਛੱਤਰ ਸਿੰਘ, ਹਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਬਠਿੰਡਾ, ਸੰਦੀਪ ਮੋਫ਼ਰ, ਕਰਮਜੀਤ ਜਗਜੀਤ ਪੁਰਾ, ਹਰਦੀਪ ਸਿੰਘ, ਸਮਨ ਦੀਪ ਸਿੰਘ, ਅਮਨਦੀਪ ਕੌਰ, ਅੰਮ੍ਰਿਤਪਾਲ ਕੌਰ, ਨਰਿੰਦਰ ਸਿੰਘ ਮੁਕਤਸਰ, ਸ਼ੰਕਰ ਸ਼ਰਮਾ, ਮਨਮਿੰਦਰ ਸਿੰਘ, ਸਤਨਾਮ ਸਿੰਘ, ਕੁਲਵੰਤ ਉਡਤ, ਅਵਤਾਰ ਸਿੰਘ ਬੁਢਲਾਡਾ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button