
ਲੁਧਿਆਣਾ, 16 ਅਪ੍ਰੈਲ-ਸੀਆਈਏ ਸਟਾਫ ਨੇ ਫਿਰ ਤੋਂ ਹੈਰੋਇਨ ਦੀ ਵੱਡੀ ਬਰਾਮਦਗੀ ਕੀਤੀ ਹੈ। ਇਸ ਵਾਰ ਪੁਲਿਸ ਨੇ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਗਗਨਦੀਪ ਉਰਫ ਐਚਡੀ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ਚੋਂ 2 ਕਿਲੋ 100 ਗ੍ਰਾਮ ਹੈਰੋਇਨ, 30 ਬੋਰ ਦਾ ਨਾਜਾਇਜ਼ ਪਿਸਤੌਲ, ਪੰਜ ਕਾਰਤੂਸ, 40,200 ਡਰੱਗਮਨੀ ਅਤੇ ਇੱਕ ਇਲੈਕਟਰੋਨਿਕ ਕੰਡਾ ਬਰਾਮਦ ਕੀਤਾ ਹੈ। ਪੁਲਿਸ ਨੇ ਮੁਲਜ਼ਮ ਖਿ਼ਲਾਫ਼ ਐੱਨਡੀਪੀਐੱਸ ਐਕਟ ਦੀਆਂ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਦਿੰਦਿਆਂ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਿਆਂ ਤੇ ਨਾਜਾਇਜ਼ ਅਸਲਾ ਰੱਖਣ ਵਾਲੇ ਵਿਅਕਤੀਆਂ ਦੇ ਖਿ਼ਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਦੌਰਾਨ ਸੀਆਈਏ ਦੇ ਇੰਚਾਰਜ ਕੁਲਵੰਤ ਸਿੰਘ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਗਗਨਦੀਪ ਸਿੰਘ ਉਰਫ ਐਚਡੀ ਦੇ ਕੋਲ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਸਲਾ ਹੈ। ਜਾਣਕਾਰੀ ਤੋਂ ਬਾਅਦ ਪੁਲਿਸ ਨੇ ਦਬਿਸ਼ ਦੇ ਕੇ ਮੁਲਜ਼ਮ ਨੂੰ ਉਸਦੇ ਘਰ ਦੇ ਬਾਹਰੋਂ ਹਿਰਾਸਤ ਵਿੱਚ ਲਿਆ। ਪੁਲਿਸ ਨੇ ਮੁਲਜ਼ਮ ਦੇ ਕਬਜ਼ੇ ‘ਚੋਂ ਇੱਕ ਬੈਗ ਬਰਾਮਦ ਕਰਕੇ ਜਦ ਉਸ ਦੀ ਤਲਾਸ਼ੀ ਲਈ ਤਾਂ ਬੈਗ ‘ਚੋਂ 2ਕਿੱਲੋ 100 ਗ੍ਰਾਮ ਹੈਰੋਇਨ , ਇੱਕ ਪਿਸਤੌਲ , ਪੰਜ ਕਾਰਤੂਸ ਡਰੱਗ ਮਨੀ ਅਤੇ ਇੱਕ ਇਲੈਕਟਰੋਨਿਕ ਕੰਡਾ ਮਿਲਿਆ। ਜਾਣਕਾਰੀ ਦਿੰਦਿਆਂ ਸੀਆਈਏ ਦੇ ਮੁਖੀ ਕੁਲਵੰਤ ਸਿੰਘ ਨੇ ਦੱਸਿਆ ਕਿ ਜਦ ਪੜਤਾਲ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਮੁਲਜ਼ਮ ਗਗਨਦੀਪ ਦੇ ਖਿ਼ਲਾਫ਼ ਥਾਣਾ ਡਿਵੀਜ਼ਨ ਨੰਬਰ ਪੰਜ ਵਿੱਚ ਪਹਿਲੋਂ ਤੋਂ ਹੀ ਦੋ ਅਪਰਾਧਕ ਮੁਕੱਦਮੇ ਦਰਜ ਹਨ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਕੋਲੋਂ ਪੁੱਛਗਿਛ ਕੀਤੀ ਜਾਵੇਗੀ ਕਿ ਉਹ ਬਰਾਮਦ ਕੀਤੀ ਗਈ ਹੈਰੋਇਨ ਕਿੱਥੋਂ ਲੈ ਕੇ ਆਇਆ ਸੀ। ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਉਸਨੇ ਹੈਰੋਇਨ ਕਿਹੜੇ ਲੋਕਾਂ ਨੂੰ ਸਪਲਾਈ ਕਰਨੀ ਸੀ ।



