
ਤਰਨ ਤਾਰਨ, 8 ਮਾਰਚ-ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਵਿਦੇਸ਼ੀ ਗੈਂਗਸਟਰ ਲੰਡਾ ਹਰੀਕੇ ਤੇ ਸੱਤਾ ਨੌਸ਼ਹਿਰਾ ਗਰੁੱਪ ਦੇ ਤਿੰਨ ਮੈਂਬਰਾਂ ਨੂੰ ਗਿ੍ਰਫਤਾਰ ਕਰਨ ਦਾ ਦਾਅਵਾ ਕੀਤਾ ਹੈ। ਜਿਨ੍ਹਾਂ ਦੇ ਕਬਜ਼ੇ ’ਚੋਂ ਪੁਲਿਸ ਨੇ 200 ਗ੍ਰਾਮ ਹੈਰੋਇਨ ਅਤੇ ਦੋ ਨਾਜਾਇਜ਼ ਪਿਸਤੌਲ ਬਰਾਮਦ ਕੀਤੇ ਹਨ। ਜਦੋਂਕਿ ਤਿੰਨਾਂ ਖ਼ਿਲਾਫ਼ ਥਾਣਾ ਸਰਹਾਲੀ ’ਚ ਅਸਲ੍ਹਾ ਤੇ ਐੱਨਡੀਪੀਐੱਸ ਐਕਟ ਦੇ ਤਹਿਤ ਕੇਸ ਦਰਜ ਕਰਕੇ ਪੁਲਿਸ ਨੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸਐੱਸਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਇੰਚਾਰਜ ਇੰਸਪੈਕਟਰ ਅਮਨਦੀਪ ਸਿੰਘ ਵੱਲੋਂ ਤਿਆਰ ਕੀਤੀਆਂ ਟੀਮਾਂ ’ਚੋਂ ਇਕ ਟੀਮ ਨੌਸ਼ਿਹਰਾ ਪੰਨੂਆਂ ਦੇ ਕੋਲ ਮੌਜੂਦ ਸੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਜਸ਼ਨਪ੍ਰੀਤ ਸਿੰਘ ਗਿਆਨੀ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਨੌਸ਼ਹਿਰਾ ਪੰਨੂੰਆਂ, ਜੋਬਨਜੀਤ ਸਿੰਘ ਜੋਬਨ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਖਾਲੜਾ ਅਤੇ ਮਨਪ੍ਰੀਤ ਸਿੰਘ ਮੰਨਾ ਪੁੱਤਰ ਸੁਖਵਿੰਦਰ ਸਿੰਵਾਸੀ ਪਿੰਡ ਚੌਧਰੀਵਾਲਾ, ਲਖਬੀਰ ਸਿੰਘ ਲੰਡਾ, ਸੱਤਾ ਨੌਸ਼ਹਿਰਾ ਅਤੇ ਐਸ਼ ਨੌਸ਼ਹਿਰਾ ਗੈਂਗ ਲਈ ਕੰਮ ਕਰਦੇ ਹਨ। ਉਕਤ ਸੂਚਨਾ ਦੇ ਚੱਲਦਿਆਂ ਪੁਲਿਸ ਨੇ ਤਕਨੀਕੀ ਇੰਟੈਲੀਜੈਂਸੀ ਦੀ ਵਰਤੋਂ ਕਰਦਿਆਂ ਉਕਤ ਤਿੰਨਾਂ ਕਾਬੂ ਕਰ ਲਿਆ। ਜਿਨ੍ਹਾਂ ਕੋਲੋਂ 200 ਗ੍ਰਾਮ ਹੈਰੋਇਨ, ਇਕ 30 ਬੋਰ ਦਾ ਪਿਸਤੌਲ ਤੇ ਪੰਜ ਕਾਰਤੂਸਾਂ ਤੋਂ ਇਲਾਵਾ ਇਕ 32 ਬੋਰ ਦਾ ਪਿਸਤੌਲ ਤੇ ਦੋ ਕਾਰਤੂਸ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਮੁੱਢਲੀ ਤਫਤੀਸ਼ ਤੋਂ ਇਹ ਗੱਲ ਸਾਹਮਣੇ ਆਈ ਕਿ ਇਹ ਲੋਕ ਐਸ਼ ਨੌਸ਼ਹਿਰਾ ਗੈਂਗ ਦੇ ਮੈਂਬਰ ਸਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ’ਤੇ ਲਿਆ ਜਾਵੇਗਾ। ਇਸ ਦੌਰਾਨ ਇਨ੍ਹਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਐੱਸਐੱਸਪੀ ਨੇ ਦੱਸਿਆ ਕਿ ਜੋਬਨਜੀਤ ਸਿੰਘ ਜੋਬਨ ਵਾਸੀ ਪਿੰਡ ਖਾਲੜਾ ਜੋ ਹੁਣ ਗਰੀਨ ਸਿਟੀ ਨਰੈਣਗੜ ਛੇਹਰਟਾ ਅੰਮ੍ਰਿਤਸਰ ਵਿਖੇ ਰਹਿ ਰਿਹਾ ਹੈ, ਦੇ ਖਿਲਾਫ ਪਹਿਲਾਂ ਵੀ ਪੰਜ ਕੇਸ ਦਰਜ਼ ਹਨ। ਜਿਨ੍ਹਾਂ ਵਿੱਚੋਂ ਚਾਰ ਮੁਕੱਦਮੇਂ ਨਸ਼ਾ ਬਰਾਮਦਗੀ ਨਾਲ ਸਬੰਧਤ ਹਨ।



