
ਬਾਲ ਕਿਸ਼ਨ
ਫ਼ਿਰੋਜ਼ਪੁਰ, 29 ਦਸੰਬਰ- ਡਾਇਰੈਕਟਰ ਸਿਹਤ ਸੇਵਾਵਾਂ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜੀਵ ਪਰਾਸ਼ਰ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਦਾ ਦੌਰਾ ਕਰਕੇ ਮਰੀਜਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਸਿਵਲ ਸਰਜਨ ਵੱਲੋਂ ਐਮਰਜੈਂਸੀ ਸੇਵਾਵਾਂ, ਅਪ੍ਰੇਸ਼ਨ ਥੀਏਟਰ, ਓ.ਪੀ.ਡੀ ਅਤੇ ਆਈ.ਪੀ.ਡੀ. ਸੇਵਾਵਾਂ, ਲੈਬੋਰਟਰੀ ਅਤੇ ਫਾਰਮੈਸੀ ਦੇ ਪ੍ਰਬੰਧਾਂ ਦੀ ਜਾਂਚ ਕੀਤੀ। ਉਨ੍ਹਾਂ ਵਲੋਂ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਨੂੰ ਆਪਣੀ ਓ.ਪੀ.ਡੀ. ਵਿੱਚ ਆਯੂਸ਼ਮਾਨ ਸਕੀਮ ਅਧੀਨ ਫਰੀ ਅਪ੍ਰੇਸ਼ਨ ਦੀ ਜਾਣਕਾਰੀ ਦੇਣ ਦੀ ਹਦਾਇਤ ਕੀਤੀ ਗਈ ਤਾਂ ਜੋ ਲੋਕਾਂ ਨੂੰ ਮਿਲ ਰਹੀਆਂ ਸਿਹਤ ਸਹੂਲਤਾਂ ਬਾਰੇ ਵੱਧ ਤੋਂ ਵੱਧ ਜਾਣੂ ਕਰਵਾਇਆ ਜਾ ਸਕੇ। ਸ ਮੌਕੇ ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਕਿਹਾ ਕਿ ਓਹਨਾ ਵਲੋ ਲਗਾਤਾਰ ਸਿਹਤ ਕੇਂਦਰਾਂ ਦੇ ਦੌਰੇ ਕਰਕੇ ਸਿਹਤ ਸੇਵਾਵਾਂ ਵਿੱਚ ਵੱਧ ਤੋ ਵੱਧ ਸੁਧਾਰ ਕੀਤਾ ਜਾਵੇਗਾ ਅਤੇ ਮਰੀਜ਼ਾ ਨੂੰ ਕਿਸੇ ਵੀ ਤਰ੍ਹਾਂ ਦੀ ਮੁਸਕਿਲ ਦਰਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਹਸਪਤਾਲਾਂ ਵਿੱਚ ਸਾਫ਼ ਸਫ਼ਾਈ ਦਾ ਵੀ ਪੂਰਾ ਧਿਆਨ ਰੱਖਿਆ ਜਾਵੇ। ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਆਮ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਉੱਚ ਪੱਧਰੀ ਸੁਰੱਖਿਅਤ ਜਣੇਪੇ ਦੀ ਸੁਵਿਧਾ, ਡਾਇਲਸਿਸ ਸੁਵਿਧਾ, ਬਲੱਡ ਬੈਂਕ ਆਦਿ ਸਿਹਤ ਸਹੂਲਤਾਂ ਦਾ ਵੱਧ ਤੋਂ ਵੱਧ ਫ਼ਾਇਦਾ ਲਿਆ ਜਾਵੇ। ਸਿਵਲ ਸਰਜਨ ਨੇ ਹਸਪਤਾਲ਼ ਦੇ ਪ੍ਰਬੰਧਾਂ ਅਤੇ ਰਿਕਾਰਡ ਦਾ ਜ਼ਾਇਜਾ ਲੈਂਦਿਆਂ ਸਿਹਤ ਕਰਮਚਾਰੀਆਂ ਨੂੰ ਉੱਚ ਅਧਿਕਾਰੀਆਂ ਵਲੋਂ ਦਿੱਤੇ ਜਾਂਦੇ ਦਿਸ਼ਾ-ਨਿਰਦੇਸ਼ਾਂ ਨੂੰ ਇੰਨ ਬਿੰਨ ਲਾਗੂ ਕਰਨ ਦੀ ਹਦਾਇਤ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਮਿਨਾਕਸ਼ੀ ਢੀਂਗਰਾ, ਡਿਪਟੀ ਮੈਡੀਕਲ ਕਮਿਸ਼ਨਰ ਡਾ ਗੁਰਮੇਜ਼ ਰਾਮ ਗੁਰਾਇਆ, ਸੀਨੀਅਰ ਮੈਡੀਕਲ ਅਫ਼ਸਰ ਡਾ. ਨਿਖੀਲ ਗੁਪਤਾ, ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ, ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ, ਪੀ.ਏ. ਵਿਕਾਸ ਕਾਲੜਾ, ਸੀਨੀਅਰ ਸਹਾਇਕ ਵਿਪਿਨ ਸ਼ਰਮਾ ਵੀ ਮੌਜੂਦ ਸਨ।



