ਸਿਵਲ ਸਰਜਨ ਨੇ ਹੜ੍ਹ ਨਾਲ ਸਬੰਧਤ ਖਦਸ਼ੇ ਨੂੰ ਵੇਖਦਿਆਂ ਸਤਲੁਜ ਨਾਲ ਲੱਗਦੇ ਪਿੰਡਾਂ ਦਾ ਕੀਤਾ ਦੌਰਾ
ਮੈਡੀਕਲ ਕੈਂਪਾਂ ’ਚ ਪ੍ਰਬੰਧਾਂ ਦੀ ਕੀਤੀ ਸਮੀਖਿਆ

ਜਸਵਿੰਦਰ ਸਿੰਘ ਸੰਧੂ/ ਬਾਲ ਕਿਸ਼ਨ
ਫਿਰੋਜ਼ਪੁਰ, 18 ਅਗਸਤ : ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਅੱਜ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਫ਼ਿਰੋਜ਼ਪੁਰ ਵੱਲੋਂ ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਉੱਚਾ ਹੋਣ ਕਾਰਨ ਨਾਲ ਲੱਗਦੇ ਪਿੰਡਾਂ ’ਚ ਹੜ੍ਹ ਦੇ ਖਦਸ਼ੇ ਵਾਲੇ ਖੇਤਰਾਂ ਦਾ ਦੌਰਾ ਕਰਕੇ ਸਿਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਉਹਨਾਂ ਪਿੰਡ ਨਿਹਾਲਾ ਲਵੇਰਾ ਵਿੱਚ ਲੱਗੇ ਮੈਡੀਕਲ ਕੈਂਪਾਂ ਦਾ ਨਰੀਖਣ ਕਰ ਮਰੀਜ਼ਾ ਨੂੰ ਮਿਲ ਰਹੀਆਂ ਸਿਹਤ ਸੇਵਾਵਾਂ ਦੀ ਜਾਂਚ ਕੀਤੀ ਅਤੇ ਮਰੀਜਾਂ ਦਾ ਹਾਲ ਜਾਣਿਆ। ਉਹਨਾਂ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਦੇ ਹੁਕਮਾਂ ਤਹਿਤ ਵਿਭਾਗ ਵੱਲੋਂ ਐਮਰਜੈਂਸੀ ਰੈਪਿਡ ਰਿਸਪਾਂਸ ਟੀਮਾ ਦੀ ਤੈਨਾਤੀ ਪਿੰਡ ਕਾਲੂਵਾਲਾ, ਕੁਤਬਦੀਨ ਵਾਲਾ, ਰੁਕਨੇਵਾਲਾ, ਕਮਾਲਾ ਬੋਦਲਾ, ਗੱਟੀ ਰਾਜੋ ਕੇ, ਨਿਹਾਲਾ ਲਵੇਰਾ ਵਿਖੇ ਕੀਤੀ ਗਈ ਹੈ ਤਾਂ ਜੋ ਲੋਕਾਂ ਨੂੰ ਮੈਡੀਕਲ ਸਹੂਲਤਾਂ ਪੱਖੋ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਵੈਕਟਰ ਬੋਰਨ ਅਤੇ ਪਾਣੀ ਨਾਲ ਹੋਣ ਵਾਲਿਆਂ ਬਿਮਾਰੀਆਂ ਤੋ ਬਚਾਅ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਹੜ੍ਹ ਪ੍ਰਭਾਵਿਤ ਖਦਸ਼ੇ ਵਾਲੇ ਖੇਤਰਾਂ ਦੀਆਂ ਗਰਭਵਤੀ ਔਰਤਾਂ ਲਈ ਸਾਰੀਆਂ ਸਿਹਤ ਸੰਸਥਾਵਾਂ ਵਿਖੇ ਉਚੇਚੇ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ ਵਿਚ ਲੋਕਾਂ ਨੂੰ ਸਾਫ਼ ਪਾਣੀ ਉਪਲਬਧ ਕਰਵਾਉਣ ਲਈ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਆਮ ਲੋਕਾਂ ਨੂੰ ਕਲੋਰੀਨ ਦੀਆ ਗੋਲੀਆਂ ਮੁਹਈਆ ਕਰਵਾਈਆਂ ਗਈਆਂ ਹਨ। ਸਾਰੇ ਸਿਹਤ ਕੇਂਦਰਾਂ ਵਿੱਚ ਜ਼ਰੂਰੀ ਦਵਾਈਆਂ, ਸਾਫ਼ ਪੀਣ ਯੋਗ ਪਾਣੀ ਅਤੇ ਐਂਟੀ-ਸੈਪਟਿਕ ਸਮੱਗਰੀ ਉਪਲਬਧ ਕਰਵਾਈ ਗਈ ਹੈ। ਹੜ੍ਹ ਦੌਰਾਨ ਆਮ ਤੌਰ ‘ਤੇ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਡਾਇਰੀਆ ਅਤੇ ਚਮੜੀ ਰੋਗਾਂ ਤੋਂ ਬਚਾਅ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਲਾਕੇ ਦੇ ਲੋਕਾਂ ਲਈ ਮੈਡੀਕਲ ਕੈਂਪਾਂ, ਘਰ-ਘਰ ਜਾਕੇ ਸਿਹਤ ਜਾਂਚ, ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਲਗਾਤਾਰ ਸੇਵਾਵਾਂ ਜਾਰੀ ਹਨ। ਪਿੰਡ ਪੱਧਰ ‘ਤੇ ਅੰਗਨਵਾੜੀ ਕੇਂਦਰਾਂ, ਧਾਰਮਿਕ ਸਥਾਨਾਂ ਅਤੇ ਪੰਚਾਇਤ ਭਵਨਾਂ ਰਾਹੀਂ ਸੂਚਨਾ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਗਿਆ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ, ਮਮਦੋਟ ਡਾ. ਰਾਜੂ ਚੌਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਗੰਦੇ ਪਾਣੀ ਨਾਲ ਸੰਪਰਕ ਤੋਂ ਬਚੋ ਅਤੇ ਜੇਕਰ ਕੋਈ ਵੀ ਸਿਹਤ ਸਬੰਧੀ ਕੋਈ ਦਿੱਕਤ ਜਾਂ ਕਿਸੇ ਬਿਮਾਰੀ ਦੇ ਲੱਛਣ ਨਜ਼ਰ ਆਉਣ, ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰੋ। ਇਸ ਮੌਕੇ ਡਿਪਟੀ ਮਾਸ ਮੀਡੀਆ ਅਫ਼ਸਰ ਅੰਕੁਸ਼ ਭੰਡਾਰੀ ,ਪੀ ਏ ਵਿਕਾਸ ਕਾਲੜਾ ਅਤੇ ਅਮਰਜੀਤ ਐਸ.ਆਈ. ਵੀ ਹਾਜ਼ਰ ਸਨ।



