ਸਿਮਰਨਜੀਤ ਸਿੰਘ ਮਾਨ ਨੇ ਹੜ੍ਹ ਪ੍ਰਭਾਵਿਤ ਵੱਖ–ਵੱਖ ਖੇਤਰਾਂ ਦਾ ਕੀਤਾ ਦੌਰਾ
ਭਾਖੜਾ, ਪੌਗ ਡੈਮ ਅਤੇ ਰਣਜੀਤ ਸਾਗਰ ਡੈਮ ਦਾ ਕੰਟਰੋਲ ਯੂ.ਐਨ.ਓ. ਦੇ ਅਧੀਨ ਹੋਵੇ – ਮਾਨ

ਫ਼ਿਰੋਜ਼ਪੁਰ, 30 ਅਗਸਤ (ਜਸਵਿੰਦਰ ਸਿੰਘ ਸੰਧੂ, ਬਾਲ ਕਿਸ਼ਨ)– ਪਈਆਂ ਭਾਰੀ ਬਾਰਿਸ਼ਾਂ ਕਾਰਨ ਪੰਜਾਬ ’ਚ ਬਣੀਆਂ ਹੜ੍ਹਾਂ ਦੀ ਸਥਿੱਤੀ ਦਾ ਸਾਹਮਣਾ ਕਰ ਰਹੇ ਸਰਹੱਦੀ ਖੇਤਰ ਦੇ ਵਾਸੀਆਂ ਨੂੰ ਕੇਂਦਰ ਤੇ ਪੰਜਾਬ ਦੀ ਸਿਆਸਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਨੇ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰਨ ਸਮੇਂ ਕੀਤਾ। ਹੜ੍ਹ ਪ੍ਰਭਾਵਿਤ ਖੇਤਰ ਚੌਂਕੀ ਦੌਲਤ ਰਾਮ ਬੰਨ੍ਹ, ਸੁਲਤਾਨਵਾਲਾ, ਬਸਤੀ ਰਾਮ ਲਾਲ, ਜਮਸੇਰ, ਬਸਤੀ ਚਮੜਿਆ ਵਾਲੀ, ਬਸਤੀ ਭਾਨੇ ਵਾਲੀ ਆਦਿ ਪਿੰਡਾਂ ਦਾ ਦੌਰਾ ਕਰਦੇ ਹੋਏ ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਨੇ ਭਾਖੜਾ, ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਗੇਟ ਇਕਦਮ ਖੋਲ੍ਹ ਕੇ ਫ਼ਸਲਾਂ, ਘਰਾਂ ਅਤੇ ਡੰਗਰਾਂ ਨੂੰ ਤਬਾਹ ਕਰਨਾ ਇੰਡੀਆ ਦੀ ਵੱਡੀ ਸਾਜਿਸ਼ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰਕੇ ਹਾਈਡਰੋਲੋਜੀਕਲ ਜੰਗ ਨੂੰ ਅੰਜ਼ਾਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸਰਹੱਦੀ ਖੇਤਰ ਦੀ ਬਹੁ–ਗਿਣਤੀ ਸਿੱਖ ਵਸੋਂ ਅਤੇ ਨਾਲ ਲੱਗਦੇ ਲਹਿੰਦੇ ਵੱਲ ਦੇ ਪੰਜਾਬ (ਪਾਕਿਸਤਾਨ) ਨੂੰ ਸਬਕ ਸਿਖਾਉਣ ਦਾ ਘਿਨੌਣਾ ਕਾਰਨਾਮਾ ਕੀਤਾ ਹੈ। ਪਾਕਿਸਤਾਨ ਵਿੱਚ ਸਿੱਖਾਂ ਦੇ ਮੁਕੱਦਸ ਧਾਰਮਿਕ ਅਸਥਾਨ ਨੂੰ ਪਾਣੀ ਵਿਚ ਡੋਬ ਕੇ 1984 ਦੀ ਯਾਦ ਦੁਬਾਰਾ ਦੁਹਰਾਇਆ ਹੈ। ਸ: ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਇੰਡੀਆ ਨੇ ਇੰਡੀਸ ਵਾਟਰ ਟਰੀਟੀ ਖ਼ਤਮ ਕਰਕੇ ਇੰਟਰਨੈਸਨਲ ਰਿਪੇਰੀਅਨ ਕਾਨੂੰਨ ਦਾ ਉਲੰਘਣਾ ਕੀਤਾ ਹੈ, ਇੰਡੀਆ ਨੇ ਇਹਨਾਂ ਡੈਮਾਂ ਦਾ ਕੰਟਰੋਲ ਆਪਣੇ ਅਧੀਨ ਰੱਖਿਆ ਹੋਇਆ ਹੈ, ਜਿਸ ਨੂੰ ਇਕ ਹੱਥਿਆਰ ਵਾਂਗ ਜਦੋਂ ਚਾਹੁੰਣ ਵਰਤ ਲੈਂਦੇ ਹਨ, ਇਹੀ ਕੁੱਝ 1988 ਵੇਲੇ ਕੀਤਾ ਸੀ, ਜਦੋਂ ਸਿੱਖਾਂ ਦੀ ਆਜ਼ਾਦੀ ਦੀ ਲਹਿਰ ਸਿੱਖਰਾਂ ’ਤੇ ਸੀ ਉਸ ਲਹਿਰ ਨੂੰ ਇਨ੍ਹਾਂ ਡੈਮਾਂ ਦੇ ਗੇਟ ਖੋਲ੍ਹ ਕੇ ਸਿੱਖਾਂ ਦਾ ਜਾਨੀ–ਮਾਲੀ ਤੌਰ ’ਤੇ ਵੱਡਾ ਨੁਕਸਾਨ ਕੀਤਾ ਸੀ। ਹੜ੍ਹਾਂ ਦੀ ਸਥਿੱਤੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੂੰ ਪੂਰੀ ਤਰ੍ਹਾਂ ਫ਼ੇਲ੍ਹ ਦੱਸਦੇ ਹੋਏ ਸ: ਮਾਨ ਨੇ ਕਿਹਾ ਕਿ ਹੜ੍ਹਾਂ ਕਰਕੇ ਪੰਜਾਬ ਦਾ ਨੁਕਸਾਨ ਸਰਕਾਰ ਦੀ ਅਣਗਹਿਲੀ ਦਾ ਨਤੀਜਾ ਹੈ, ਕਿਉਂਕਿ ਪੰਜਾਬ ਦੇ ਮਾਲ ਮਹਿਕਮੇ ਦੀ ਕਿਤਾਬ ਵਿਚ ਇਹ ਦਰਜ ਹੈ ਕਿ ਬਰਸਾਤ ਮੌਸਮ ਤੋਂ ਤਿੰਨ ਮਹਿਨੇ ਪਹਿਲਾਂ ਹਰ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਦਰਿਆਵਾਂ, ਨਹਿਰਾਂ, ਸੂਏ, ਚੋਏ ਅਤੇ ਡਰੇਨਾਂ ਦੇ ਬੰਨ੍ਹਾਂ ਨੂੰ ਮਜ਼ਬੂਤ ਕਰਵਾਏ ਅਤੇ ਸਫ਼ਾਈ ਵੀ ਹੋਵੇ, ਕੀ ਪੰਜਾਬ ਸਰਕਾਰ ਨੇ ਅਜਿਹਾ ਕੀਤਾ? ਜੇਕਰ ਕੀਤਾ ਹੁੰਦਾ ਤਾਂ ਇੰਨੀ ਭਾਰੀ ਤਬਾਹੀ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਸੀ। ਵੱਡੀ ਗਿਣਤੀ ਵਿਚ ਹਾਜ਼ਰ ਇਲਾਕੇ ਦੇ ਹੜ੍ਹਾਂ ਤੋਂ ਪੀੜਤ ਪਰਿਵਾਰਾਂ ਦੀਆਂ ਮੁਸ਼ਕਲਾਂ ਤੋਂ ਜਾਣੂੰ ਹੁੰਦੇ ਹੋਏ ਸ: ਮਾਨ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਬਿਨ੍ਹਾਂ ਵਿਤਕਰੇ ਹੜ੍ਹ ਪੀੜ੍ਹਤ ਪਰਿਵਾਰਾਂ ਦੀ ਸਾਰ ਲਵੇ, ਡੁੱਬ ਚੁੱਕੀਆਂ ਫ਼ਸਲਾਂ ਅਤੇ ਤਬਾਹ ਹੋਏ ਘਰਾਂ ਨੂੰ ਬਚਾਉਣ ਲਈ ਜਲਦੀ ਤੋਂ ਜਲਦੀ ਮੁਆਵਜ਼ਾ ਜਾਰੀ ਕੀਤਾ ਜਾਵੇ, ਬੇਘਰ ਹੋਏ ਲੋਕਾਂ ਨੂੰ ਕੁਝ ਰਾਹਤ ਮਿਲ ਦਿੱਤੀ ਜਾਵੇ। ਸ: ਮਾਨ ਨੇ ਅਖੀਰ ਵਿਚ ਕਿਹਾ ਪਾਕਿਸਤਾਨ ਦੀ ਮੁੱਖ ਮੰਤਰੀ ਬੇਗਮ ਮਰੀਅਮ ਨਵਾਜ਼ ਨੇ ਜੋ ਇਕ ਦਿਨ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੀ ਜੋ ਸਰਕਾਰੀ ਤੌਰ ’ਤੇ ਮੱਦਦ ਕੀਤੀ ਹੈ, ਉਸ ਨਾਲ ਸਿੱਖ ਕੌਮ ਦੇ ਮਨਾਂ ਨੂੰ ਰਾਹਤ ਮਿਲੀ ਹੈ ਦੀ ਸ਼ਲਾਘਾ ਕੀਤੀ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਗੁਰਜੰਟ ਸਿੰਘ ਕੱਟੂ, ਜ਼ਿਲ੍ਹਾ ਪ੍ਰਧਾਨ ਗੁਰਚਰਨ ਸਿੰਘ ਭੁੱਲਰ, ਕੌਮੀ ਯੂਥ ਪ੍ਰਧਾਨ ਤੇਜਿੰਦਰ ਸਿੰਘ ਦਿਉਲ, ਪੀ.ਏ.ਸੀ. ਮੈਂਬਰ ਜਤਿੰਦਰ ਸਿੰਘ ਥਿੰਦ, ਸੂਰਤ ਸਿੰਘ ਮਮਦੋਟ, ਗੁਰਵਿੰਦਰ ਸਿੰਘ ਮਹਾਲਮ, ਜੋਗਿੰਦਰ ਸਿੰਘ ਮੱਲੇਵਾਲਾ, ਸੁਖਦੇਵ ਸਿੰਘ, ਲਖਵਿੰਦਰ ਸਿੰਘ ਸੁਪਰ, ਬਲਦੇਵ ਸਿੰਘ ਤਲਵੰਡੀ ਭਾਈ, ਸਰਬਜੀਤ ਸਿੰਘ, ਬਲਵੀਰ ਸਿੰਘ ਮੁੱਦਕੀ, ਸੁਰਿੰਦਰ ਸਿੰਘ, ਬਾਪੂ ਪ੍ਰਗਟ ਸਿੰਘ, ਸੁੱਚਾ ਸਿੰਘ, ਦਰਸ਼ਨ ਸਿੰਘ, ਕਰਤਾਰ ਸਿੰਘ ਉਪਲ, ਸਵਰਨ ਸਿੰਘ ਉਬੋਕੇ, ਬੋਹੜ ਸਿੰਘ ਉੱਪਲ ਇਕਬਾਲ ਸਿੰਘ ਮਾਦੀ ਕੇ, ਜਗਜੀਤ ਸਿੰਘ, ਇਕਬਾਲ ਸਿੰਘ ਗੁਰੂਹਰਸਹਾਏ, ਉਪਿੰਦਰ ਪ੍ਰਤਾਪ ਸਿੰਘ, ਸੁੱਚਾ ਸਿੰਘ ਮਹਾਲਮ ਆਦਿ ਆਗੂ ਹਾਜ਼ਰ ਸਨ।



