International

ਸਾਹਿਤ ਸਭਾ ਸਰੀ ਵੱਲੋਂ ਰਣਜੀਤ ਸਿੰਘ ਦੀ ਪੁਸਤਕ ‘ਅਨਮੋਲ ਰਤਨ’ ਰਿਲੀਜ਼ ਕੀਤੀ ਗਈ

ਸਰੀ, 14 ਜੂਨ 2025-ਬੀਤੇ ਦਿਨੀਂ ਸਾਹਿਤ ਸਭਾ ਸਰੀ ਵੱਲੋਂ ਪੰਜਾਬ ਭਵਨ ਵਿਖੇ ਮਾਸਿਕ ਮੀਟਿੰਗ ਕੀਤੀ ਗਈ ਜਿਸ ਵਿਚ ਪੰਜਾਬ ਤੋਂ ਆਏ ਸਾਹਿਤਕਾਰ ਰਣਜੀਤ ਸਿੰਘ ਦੀ ਵਾਰਤਕ ਪੁਸਤਕ ‘ਅਨਮੋਲ ਰਤਨ’ ਲੋਕ ਅਰਪਣ ਕੀਤੀ ਗਈ। ਸਭਾ ਦੇ ਪ੍ਰਧਾਨ ਇੰਦਰਜੀਤ ਧਾਮੀ ਨੇ ਮੀਟਿੰਗ ਵਿਚ ਪਹੁੰਚੇ ਸਭਨਾਂ ਲੇਖਕਾਂ, ਪਾਠਕਾਂ ਨੂੰ ਜੀ ਆਇਆਂ ਕਿਹਾ ਅਤੇ ਪਿਛਲੇ ਥੋੜ੍ਹੇ ਸਮੇਂ ਵਿਚ ਸਦੀਵੀ ਵਿਛੋੜਾ ਦੇ ਗਏ ਸਾਹਿਤ ਸਭਾ ਸਰੀ ਦੇ ਪ੍ਰਧਾਨ ਕ੍ਰਿਸ਼ਨ ਭਨੋਟ, ਪ੍ਰਸਿੱਧ ਸ਼ਾਇਰ ਨਦੀਮ ਪਰਮਾਰ, ਹਰਜੀਤ ਦੌਧਰੀਆ ਅਤੇ ਨਾਮਵਰ ਚਿੱਤਰਕਾਰ ਜਰਨੈਲ ਸਿੰਘ ਨੂੰ ਯਾਦ ਕਰਦਿਆਂ ਦੁੱਖ ਪ੍ਰਗਟ ਕੀਤਾ। ਰਣਜੀਤ ਸਿੰਘ ਨੇ ਆਪਣੀ ਪੁਸਤਕ ‘ਅਨਮੋਲ ਰਤਨ’ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਵਿਚ ਡਾ. ਨਰਿੰਦਰ ਸਿੰਘ ਕਪਾਨੀ, ਭਾਈ ਬੰਨੋ ਜੀ, ਬੰਦਾ ਸਿੰਘ ਬਹਾਦਰ, ਜੱਸਾ ਸਿੰਘ ਰਾਮਗੜ੍ਹੀਆ, ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਭਗਤ ਪੂਰਨ ਸਿੰਘ, ਡਾ. ਹਰੀ ਰਾਮ ਗੁਪਤਾ, ਪੀਰ ਬੁੱਧੂ ਸ਼ਾਹ ਅਤੇ ਮਾਸਟਰ ਤਾਰਾ ਸਿੰਘ ਸਮੇਤ 24 ਪ੍ਰਮੁੱਖ ਸ਼ਖ਼ਸੀਅਤਾਂ ਦੀਆਂ ਜੀਵਨੀਆਂ ਦਰਜ ਹਨ। ਪੰਜਾਬ ਭਵਨ ਦੇ ਨਿਰਮਾਤਾ ਸੁੱਖੀ ਬਾਠ ਨੇ ਇਸ ਮੌਕੇ ਰਣਜੀਤ ਸਿੰਘ ਨੂੰ ਇਸ ਵੱਡਮੁੱਲੀ ਪੁਸਤਕ ਲਈ ਮੁਬਾਰਕਬਾਦ ਦਿੱਤੀ। ਉਨ੍ਹਾਂ ਦੱਸਿਆ ਕਿ 152 ਸਟਰੀਟ ਅਤੇ 66 ਐਵੀਨਿਊ ਸਰੀ ਵਿਖੇ ਬਣ ਰਹੀ ਪੰਜਾਬ ਭਵਨ ਦੀ ਨਵੀਂ ਇਮਾਰਤ ਆਉਂਦੇ ਛੇ ਮਹੀਨਿਆਂ ਵਿਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਪੰਜਾਬ ਭਵਨ ਵੱਲੋਂ ਰਣਜੀਤ ਸਿੰਘ ਦਾ ਸਨਮਾਨ ਕੀਤਾ। ਇਸ ਮੌਕੇ ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਮੀਟਿੰਗ ਦਾ ਸੰਚਾਲਨ ਡਾ. ਦਵਿੰਦਰ ਕੌਰ ਨੇ ਬਾਖੂਬੀ ਕੀਤਾ।

Related Articles

Leave a Reply

Your email address will not be published. Required fields are marked *

Back to top button