ਸਾਵਧਾਨ ! ਭਾਖੜਾ ਡੈਮ ਦੇ 4 ਫਲੱਡ ਕੰਟਰੋਲ ਗੇਟ ਖੋਲ੍ਹੇ
BBMB ਨੇ ਕਿਹਾ- ਤਿੰਨ ਪੜਾਵਾਂ 'ਚ ਛੱਡਿਆ ਜਾ ਰਿਹਾ ਪਾਣੀ

ਨੰਗਲ, 19 ਅਗਸਤ : ਭਾਖੜਾ ਨੰਗਲ ਪਨਬਿਜਲੀ ਪ੍ਰੋਜੈਕਟ ਦੇ ਭਾਖੜਾ ਡੈਮ ਤੋਂ ਪਾਣੀ ਛੱਡਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਬੀਬੀਐਮਬੀ ਪ੍ਰਸ਼ਾਸਨ ਵੱਲੋਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਮੰਗਲਵਾਰ ਦੁਪਹਿਰ ਤੋਂ ਡੈਮ ਦੇ ਚਾਰ ਫਲੱਡ ਕੰਟਰੋਲ ਗੇਟ ਖੋਲ੍ਹ ਦਿੱਤੇ ਗਏ ਹਨ। ਨਿਰਧਾਰਤ ਸ਼ਡਿਊਲ ਮੁਤਾਬਕ ਪਹਿਲੇ ਪੜਾਅ ‘ਚ ਦੁਪਹਿਰ 3 ਵਜੇ ਇਕ ਫੁੱਟ, ਦੂਜੇ ਪੜਾਅ ‘ਚ 4 ਵਜੇ ਦੋ ਫੁੱਟ ਅਤੇ ਤੀਜੇ ਪੜਾਅ ਵਿਚ 5 ਵਜੇ ਤੱਕ ਤਿੰਨ ਫੁੱਟ ਤੱਕ ਰੇਡੀਅਲ ਅਤੇ ਫਲਡ ਕੰਟਰੋਲ ਗੇਟ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਨਾਲ ਸਤਲੁਜ ਨਦੀ ‘ਚ ਵਾਧੂ ਪਾਣੀ ਦੇ ਵਹਾਅ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ। ਬੀਬੀਐਮਬੀ ਪ੍ਰਸ਼ਾਸਨ ਅਨੁਸਾਰ, ਪਾਣੀ ਦੇ ਪੱਧਰ ਨੂੰ ਕੰਟਰੋਲ ‘ਚ ਰੱਖਣ ਲਈ ਫਲੱਡ ਕੰਟਰੋਲ ਗੇਟ ਖੋਲ੍ਹੇ ਗਏ ਹਨ। ਮੰਗਲਵਾਰ ਸਵੇਰੇ 6 ਵਜੇ ਭਾਖੜਾ ਡੈਮ ਦਾ ਪੱਧਰ 1665.06 ਫੁੱਟ ਦਰਜ ਕੀਤਾ ਗਿਆ ਸੀ, ਜਦਕਿ ਇਸ ਦੀ ਆਮ ਭੰਡਾਰਨ ਸਮਰੱਥਾ 1680 ਫੁੱਟ ਹੈ। ਭਾਖੜਾ ਡੈਮ ਦਾ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਮੰਗਲਵਾਰ ਸਵੇਰੇ ਡੈਮ ਦਾ ਲੈਵਲ 1665.06 ਫੁੱਟ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਦਿਨ 1631.06 ਫੁੱਟ ਸੀ। ਇਸ ਵਾਰ ਦਾ ਲੈਵਲ ਔਸਤ ਤੋਂ ਵੱਧ ਹੈ। ਭਾਖੜਾ ਡੈਮ ਦੀ ਲਾਈਵ ਸਟੋਰੇਜ ਸਮਰੱਥਾ ਦਾ 87 ਪ੍ਰਤੀਸ਼ਤ ਹਿੱਸਾ ਭਰਿਆ ਹੋਇਆ ਹੈ ਜਦਕਿ ਪਿਛਲੇ ਸਾਲ ਇਹ ਅੰਕੜਾ ਸਿਰਫ 62 ਪ੍ਰਤੀਸ਼ਤ ਸੀ। ਡੈਮ ‘ਚ ਇਸ ਸਮੇਂ 4.94 ਬਿਲੀਅਨ ਕਿਊਬਿਕ ਮੀਟਰ (BCM) ਪਾਣੀ ਇਕੱਤਰ ਹੈ, ਜਦਕਿ ਪਿਛਲੇ ਸਾਲ ਇਸੇ ਦਿਨ ਇਹ 3.48 ਬੀਸੀਐਮ ਸੀ। ਭਾਖੜਾ ਡੈਮ ਤੋਂ ਇਸ ਸਮੇਂ 65617 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ ਜਦਕਿ ਪਿਛਲੇ ਸਾਲ ਇਸੇ ਦਿਨ ਇਹ 43294 ਕਿਊਸਿਕ ਸੀ।



