ਸਾਬਕਾ ਸੀਨੀਅਰ ਬੈਂਕ ਮੈਨੇਜਰ ਨਾਲ 1.11 ਕਰੋੜ ਰੁਪਏ ਦੀ ਠੱਗੀ, ਬੈਂਕ ’ਚ ਵੱਖ ਵੱਖ ਅਹੁਦਿਆਂ ’ਤੇ ਹੁੰਦਿਆਂ ਲੋਕਾਂ ਨੂੰ ਠੱਗੀ ਹੋਣ ਤੋਂ ਕਰਦੇ ਸਨ ਜਾਗਰੂਕ

ਬਠਿੰਡਾ, 25 ਮਈ- ਸ਼ਹਿਰ ਵਿਚ ਰਹਿੰਦੇ ਬੈਂਕ ਦੇ ਸਾਬਕਾ ਸੀਨੀਅਰ ਮੈਨੇਜਰ ਨਾਲ ਸ਼ੇਅਰ ਮਾਰਕੀਟਿੰਗ ਦੇ ਨਾਂ ‘ਤੇ ਕਰੋੜਾਂ ਰੁਪਏ ਦੀ ਠੱਗੀ ਹੋ ਗਈ ਹੈ। ਭਾਵੇਂ ਲੰਬੀ ਜਾਂਚ ਤੋਂ ਬਾਅਦ ਬਠਿੰਡਾ ਪੁਲਿਸ ਨੇ ਇਸ ਸਾਬਕਾ ਮੈਨੇਜਰ ਦੇ ਬਿਆਨਾਂ ਦੇ ਅਧਾਰ ‘ਤੇ ਮਾਮਲਾ ਦਰਜ ਕਰ ਲਿਆ ਪਰ ਠੱਗ ਦਾ ਕੋਈ ਸੁਰਾਗ਼ ਨਹੀਂ ਮਿਲਿਆ। ਇਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਮੈਨੇਜਰ ਬੈਂਕ ਵਿਚ ਆਪਣੀ ਨੌਕਰੀ ਦੌਰਾਨ ਲੋਕਾਂ ਨੂੰ ਬੈਂਕ ਧੋਖਾਧੜੀ ਤੋਂ ਬਚਣ ਦੀ ਸਲਾਹ ਦਿੰਦੇ ਹੁੰਦੇ ਸਨ। ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿਚ ਦਰਜ ਕਰਵਾਈ ਗਈ ਸ਼ਿਕਾਇਤ ਵਿਚ ਮਨੋਚਾ ਕਾਲੋਨੀ ਬਠਿੰਡਾ ਦੇ ਨਿਵਾਸੀ ਓਮ ਪ੍ਰਕਾਸ਼ ਗੁਪਤਾ ਨੇ ਦੱਸਿਆ ਕਿ 20 ਮਈ ਨੂੰ ਜਦੋਂ ਉਹ ਦੁਪਹਿਰ ਵੇਲੇ ਘਰ ਮੌਜੂਦ ਸੀ ਤਾਂ ਉਸ ਨੂੰ ਅਣਪਛਾਤੇ ਵਿਅਕਤੀ ਨੇ ਵ੍ਹਟਸਐਪ ਗਰੁੱਪ ਵਿਚ ਜੋੜ ਦਿੱਤਾ। ਉਸ ਵ੍ਹਟਸਐਪ ਗਰੁੱਪ ਵਿਚ ਇਕ ਕੁੜੀ ਨੇ ਆਪਣਾ ਨਾਂ ਰਿੱਧੀ ਦੱਸਿਆ ਤੇ ਕਹਿਣ ਲੱਗੀ ਕਿ ਉਸ ਦੀ ‘ਬਲਿੰਕਐਕਸ ਪ੍ਰੋ ਸਕਿਓਰਟੀਜ਼’ ਨਾਂ ਕੰਪਨੀ ਹੈ, ਜਿਹੜੀ ਕਿ ਸਟਾਕ ਮਾਰਕੀਟ ਵਿਚ ਨਿਵੇਸ਼ ਕਰਦੀ ਹੈ। ਫਿਰ ਇਕ ਹੋਰ ਜਣੇ ਨੇ ਆਪਣੇ ਆਪ ਨੂੰ ਕੇਸ਼ਵ ਬੱਤਰਾ ਦੱਸਦਿਆਂ ਕੰਪਨੀ ਦਾ ਸਟਾਕ ਐਨਾਲਿਸਟ ਹੋਣ ਦਾ ਦਾਅਵਾ ਕੀਤਾ, ਉਹ ਹਰ ਰੋਜ਼ ਸਵੇਰੇ ਗਰੁੱਪ ਵਿਚ ਸ਼ੇਅਰ ਬਾਜ਼ਾਰ ਬਾਰੇ ਜਾਣਕਾਰੀ ਦਿੰਦਾ ਸੀ।
ਰਿੱਧੀ ਨੇ ਖ਼ੁਦ ਐਪ ਕਰਵਾਈ ਸੀ ਡਾਊਨਲੋਡ
ਪੀੜਤ ਅਨੁਸਾਰ ਕੰਪਨੀ ਦੇ ਵ੍ਹਟਸਐਪ ਗਰੁੱਪ ਰਾਹੀਂ ਰਿੱਧੀ ਨੇ ਆਪਣੇ ਮੋਬਾਈਲ ਫੋਨ ‘ਤੇ ਗੂਗਲ ਪਲੇ ਸਟੋਰ ਤੋਂ ਕੰਪਨੀ ਦੀ ਐਪ ਬਲਿੰਕਐਕਸ ਡਾਊਨਲੋਡ ਕਰਵਾ ਕੇ ਉਸ ਦਾ ਖਾਤਾ ਬਣਵਾਇਆ। ਫਿਰ ਕੰਪਨੀ ਦੇ ਵ੍ਹਟਸਐਪ ਗਰੁੱਪ ਵਿਚ ਨਿਵੇਸ਼ ਬਾਰੇ ਜਾਣਕਾਰੀ ਪ੍ਰਾਪਤ ਕਰਨ ਲਈ ਇਕ ਹੋਰ ਗਰੁੱਪ ਵਿਚ ਜੋੜਿਆ ਗਿਆ, ਜਿਸ ਵਿਚ ਉਸ ਨੂੰ ਬੈਂਕ ਆਫ਼ ਮਹਾਰਾਸ਼ਟਰ ਦੇ ਖਾਤੇ ਵਿਚ ਪੈਸੇ ਟ੍ਰਾਂਸਫਰ ਕਰਨ ਲਈ ਕਿਹਾ ਗਿਆ ਸੀ ਅਤੇ ਉਸੇ ਦਿਨ ਪੀੜਤ ਨੇ ਸਟੇਟ ਬੈਂਕ ਆਫ਼ ਇੰਡੀਆ ਦੇ ਖਾਤੇ ਤੋਂ 50 ਹਜ਼ਾਰ ਰੁਪਏ ਕੰਪਨੀ ਦੇ ਖਾਤੇ ਵਿਚ ਟ੍ਰਾਂਸਫਰ ਕਰ ਦਿੱਤੇ। ਇਸ ਤੋਂ ਬਾਅਦ ਇਹ ਪੈਸੇ ਕੰਪਨੀ ਦੇ ਐਪ ‘ਤੇ ਬਣਾਏ ਗਏ ਖਾਤੇ ਵਿਚ ਦਿਖਾਈ ਦੇਣ ਲੱਗੇ। ਪੀੜਤ ਨੇ ਦੱਸਿਆ ਕਿ ਲੰਘੀ 26 ਮਾਰਚ ਤਕ ਉਸ ਨੇ ਕੰਪਨੀ ਦੀ ਐਪ ਰਾਹੀਂ ਵੱਖ-ਵੱਖ ਕੰਪਨੀਆਂ ਵਿਚ 4 ਲੱਖ 50 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ, ਜਿਸ ‘ਤੇ ਉਸ ਨੂੰ ਲਗਭਗ 10 ਲੱਖ ਰੁਪਏ ਦਾ ‘ਮੁਨਾਫ਼ਾ’ ਹੋਇਆ। ਪੀੜਤ ਮੁਤਾਬਕ 26 ਮਾਰਚ 2025 ਨੂੰ ਉਸ ਨੇ 28 ਹਜ਼ਾਰ ਰੁਪਏ ਕਢਵਾਉਣ ਦੀ ਬੇਨਤੀ ਕੀਤੀ, ਕੰਪਨੀ ਦੇ ਐਪ ਤੋਂ 7 ਹਜ਼ਾਰ ਰੁਪਏ ਕਢਵਾਏ ਅਤੇ ਇਸ ਕੰਪਨੀ ਨੇ ਸਟੇਟ ਬੈਂਕ ਆਫ਼ ਇੰਡੀਆ ਵਿਚ ਉਸ ਦੇ ਖਾਤੇ ਵਿਚ 7 ਹਜ਼ਾਰ ਰੁਪਏ ਜਮ੍ਹਾਂ ਕਰਵਾ ਦਿੱਤੇ ਸਨ। ਇਸ ਤੋਂ ਬਾਅਦ ਪੀੜਤ ਨੂੰ ਯਕੀਨ ਹੋ ਗਿਆ ਤੇ ਉਸ ਨੇ ਆਪਣੇ ਖਾਤੇ ਵਿਚ ਲਗਭਗ 10 ਲੱਖ ਰੁਪਏ ਟ੍ਰਾਂਸਫਰ ਕਰ ਦਿੱਤੇ ਹਨ। ਪੀੜਤ ਨੇ 6 ਮਈ 2025 ਤੱਕ ਵੱਖ-ਵੱਖ ਬੈਂਕ ਖਾਤਿਆਂ ਰਾਹੀਂ ਕੰਪਨੀ ਵਿਚ 1 ਕਰੋੜ 11 ਲੱਖ 90 ਹਜ਼ਾਰ ਰੁਪਏ ਦਾ ਨਿਵੇਸ਼ ਕੀਤਾ ਸੀ। ਕੰਪਨੀ ਦੀ ਐਪ ਮੁਤਾਬਕ ਉਸ ਨੇ 2 ਕਰੋੜ 46 ਲੱਖ 14 ਹਜ਼ਾਰ ਰੁਪਏ ਦਾ ਮੁਨਾਫਾ ਕਮਾਇਆ। ਪੀੜਤ ਮੁਤਾਬਕ ਜਦੋਂ ਪੈਸੇ ਕਢਵਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਕਿਹਾ ਗਿਆ ਕਿ ਤੁਹਾਡਾ ਮੁਨਾਫ਼ਾ 2 ਕਰੋੜ ਰੁਪਏ ਤੋਂ ਵੱਧ ਹੈ, ਇਸ ਲਈ 15 ਫੀਸਦੀ ਟੈਕਸ ਦੀ ਦਰ ਨਾਲ ਲਗਭਗ 37 ਲੱਖ ਰੁਪਏ ਦਾ ਸਰਵਿਸ ਚਾਰਜ ਜਮ੍ਹਾਂ ਕਰਨਾ ਪਵੇਗਾ, ਤਾਂ ਹੀ ਪੈਸੇ ਕਢਵਾ ਸਕੋਗੇ। ਇਸ ਤੋਂ ਬਾਅਦ ਪੀੜਤ ਨੂੰ ਮਾਮਲਾ ਸ਼ੱਕੀ ਲੱਗਿਆ ਅਤੇ ਉਸ ਨੇ ਕੰਪਨੀ ਨੂੰ ਆਪਣੇ ਖਾਤੇ ਵਿੱਚੋਂ ਇਹ ਸੇਵਾ ਚਾਰਜ ਕੱਟ ਕੇ ਬਾਕੀ ਰਕਮ ਵਾਪਸ ਕਰਨ ਲਈ ਕਿਹਾ। ਹਾਲਾਂਕਿ ਕੰਪਨੀ ਦਾ ਖਾਤਾ ਪ੍ਰਬੰਧਕ ਕਹਿਣ ਲੱਗਾ ਕਿ ਇਹ ਕਾਨੂੰਨ ਹੈ, ਇਸ ਲਈ ਜਦੋਂ ਤਕ ਤੁਸੀਂ ਰਕਮ ਕੰਪਨੀ ਦੇ ਖਾਤੇ ਵਿਚ ਜਮ੍ਹਾਂ ਨਹੀਂ ਕਰਦੇ, ਰਕਮ ਨਹੀਂ ਕਢਵਾ ਸਕਦੇ। ਇਸ ਤੋਂ ਬਾਅਦ ਜਦੋਂ ਪੀੜਤ ਨੇ ਇਸ ਕੰਪਨੀ ਬਾਰੇ ਜਾਣਕਾਰੀ ਇਕੱਠੀ ਕੀਤੀ ਤਾਂ ਰਾਜ਼ ਖੁੱਲ੍ਹ ਗਿਆ ਕਿ ਇਹ ਫਰਜ਼ੀ ਸੀ। ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



