
ਬਠਿੰਡਾ, 4 ਅਗਸਤ : ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਸ਼ਹਿਰੀ ਦੇ ਮੁੜ ਪ੍ਰਧਾਨ ਚੁਣੇ ਗਏ ਹਨ। ਭਾਰਤੀ ਜਨਤਾ ਪਾਰਟੀ ਦੇ ਸੋਮਵਾਰ ਨੂੰ ਬਠਿੰਡਾ ਵਿੱਚ ਹੋਏ ਚੋਣ ਇਜਲਾਸ ਦੌਰਾਨ ਚੋਣ ਅਧਿਕਾਰੀ ਰਿਸ਼ੀ ਕੁਮਾਰ ਅਤੇ ਆਬਜ਼ਰਵਰ ਜੀਵਨ ਗੁਪਤਾ ਦੀ ਅਗਵਾਈ ਹੇਠ ਹੋਈ ਚੋਣ ਦੇ ਵਿੱਚ ਸਿੰਗਲਾ ਦੇ ਨਾਂ ਦਾ ਐਲਾਨ ਕੀਤਾ ਗਿਆ। ਉਨ੍ਹਾਂ ਨੂੰ ਮੁੜ ਜ਼ਿਲ੍ਹਾ ਪ੍ਰਧਾਨਗੀ ਦਾ ਮਜਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ। ਸਿੰਗਲਾ ਦੀ ਅਗਵਾਈ ਹੇਠ ਸਾਲ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਬਠਿੰਡਾ ਸ਼ਹਿਰੀ ਵਿਧਾਨ ਸਭਾ ਹਲਕੇ ਵਿੱਚ ਨੰਬਰ ਇਕ ’ਤੇ ਆਈ ਸੀ। ਇਸ ਤੋਂ ਇਲਾਵਾ ਪਾਰਟੀ ਨੂੰ ਸ਼ਹਿਰੀ ਹਲਕਿਆਂ ਦੇ ਵਿੱਚ ਵੱਡਾ ਸਮਰਥਨ ਮਿਲਿਆ ਸੀ, ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਮਿਹਨਤ ਦਾ ਜਿਕਰ ਹਾਈਕਮਾਂਡ ਤਕ ਹੋਇਆ ਸੀ। ਸਾਲ 2027 ਦੀਆਂ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਬਠਿੰਡਾ ਸ਼ਹਿਰੀ ਹਲਕੇ ਤੋਂ ਟਿਕਟ ਤੇ ਪ੍ਰਮੁੱਖ ਦਾਵੇਦਾਰ ਮੰਨੇ ਜਾ ਰਹੇ ਹਨ। ਉਧਰ ਜ਼ਿਲ੍ਹਾ ਪ੍ਰਧਾਨਗੀ ਦਾ ਮੁੜ ਤਾਜ ਸਿਰ ਉੱਪਰ ਸਜਣ ‘ਤੇ ਬਠਿੰਡਾ ਜਿਲੇ ਦੇ ਭਾਜਪਾ ਆਗੂਆਂ ਤੇ ਵਰਕਰਾਂ ਵਿੱਚ ਵੱਡਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਸ ਮੌਕੇ ਸਰੂਪ ਚੰਦ ਸਿੰਗਲਾ ਦਾ ਕਹਿਣਾ ਸੀ ਪਾਰਟੀ ਨੇ ਮੁੜ ਉਨ੍ਹਾਂ ’ਤੇ ਵਿਸ਼ਵਾਸ ਕਰ ਕੇ ਜ਼ਿਲ੍ਹਾ ਸ਼ਹਿਰੀ ਦਾ ਪ੍ਰਧਾਨ ਬਣਾਇਆ ਹੈ। ਉਨ੍ਹਾਂ ਕਿਹਾ ਕਿ ਉਹ ਪਾਰਟੀ ਵੱਲੋਂ ਦਿੱਤੀ ਗਈ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਮੁਹਿੰਮ ਚਲਾਈ ਜਾਵੇਗੀ। ਸਿੰਗਲਾ ਨੇ ਮੁੜ ਵਿਸ਼ਵਾਸ ਕਰਨ ’ਤੇ ਪਾਰਟੀ ਦੀ ਹਾਈਕਮਾਂਡ ਅਤੇ ਸ਼ਹਿਰ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਉਹ ਸਾਰੇ ਆਗੂਆਂ ਨੂੰ ਨਾਲ ਲੈ ਕੇ ਚੱਲਣਗੇ ਤਾਂ ਜੋ ਸਾਲ 2027 ਦੀਆਂ ਵਿਧਾਨ ਸਭਾ ਵਿਚ ਜਿੱਤ ਕੇ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਈ ਜਾ ਸਕੇ।



