
ਤਾਰਾਗੜ੍ਹ, 21 ਮਾਰਚ-ਵਿਧਾਨ ਸਭਾ ਹਲਕਾ ਭੋਆ ’ਚ ਪੈਂਦੇ ਪਿੰਡ ਪੁਰਾਣਾ ਤਾਰਾਗੜ੍ਹ ਸਲਾਰੀਆ ਪੈਲੇਸ ਦੇ ਨਜ਼ਦੀਕ ਸਾਬਕਾ ਫ਼ੌਜੀ ਨੇ ਆਪਣੀ ਪਤਨੀ ਦਾ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ। ਮਿ੍ਤਕਾ ਦੇ ਭਰਾ ਬਸੰਤ ਸਿੰਘ ਬਾਸੀ ਪਿੰਡ ਜਣਿਆਲ ਨੇ ਦੱਸਿਆ ਕਿ ਫੌਜੀ ਕਮਲ ਦੀਪ ਸ਼ਰਮਾ ਸ਼ਰਾਬ ਦੇ ਠੇਕੇ ’ਤੇ ਕੰਮ ਕਰਦਾ ਹੈ ਅਤੇ ਨਸ਼ੇ ਦਾ ਆਦੀ ਹੈ। ਉਹ ਅਕਸਰ ਉਸ ਦੀ ਭੈਣ ਨਾਲ ਕੁੱਟਮਾਰ ਕਰਦਾ ਰਹਿੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਪਰਿਵਾਰ ਨੇ ਕਮਲਦੀਪ ਨੂੰ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਸ ਨੇ ਆਪਣੀਆਂ ਆਦਤਾਂ ਨਹੀਂ ਛੱਡੀਆਂ। ਇਸ ਮੌਕੇ ਮਿ੍ਤਕਾ ਦੀ ਧੀ ਰਿਧੀਮਾ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਰਾਤ ਉਹ ਆਪਣੇ ਕਮਰੇ ਵਿਚ ਆਰਾਮ ਕਰ ਰਹੀ ਸੀ। ਰਾਤ ਤਕਰੀਬਨ 12 ਵਜੇ ਕਮਰੇ ਵਿੱਚੋਂ ਝਗੜੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਉਸ ਨੇ ਦੱਸਿਆ ਕਿ ਰਾਤ ਤਕਰੀਬਨ 12.40 ਵਜੇ ਉਸ ਦੇ ਪਿਤਾ ਕਮਰੇ ਵਿੱਚ ਆਏ ਅਤੇ ਕਿਹਾ ਕਿ ਉਸ ਦੀ ਮਾਂ ਨੂੰ ਕੁਝ ਹੋ ਗਿਆ ਹੈ। ਜਦੋਂ ਉਹ ਕਮਰੇ ਵਿੱਚ ਗਈ ਤਾਂ ਉਸ ਦੀ ਮਾਂ ਨੇ ਦੱਬੀ ਆਵਾਜ਼ ਵਿੱਚ ਆਪਣੇ ਸੱਜੇ ਹੱਥ ਨੂੰ ਆਪਣੇ ਗਲੇ ’ਤੇ ਰੱਖ ਕੇ ਇਸ਼ਾਰੇ ਨਾਲ ਕਿਹਾ ਕਿ ਉਸ ਦੇ ਪਿਤਾ ਨੇ ਉਸ ਦਾ ਗਲਾ ਘੁੱਟ ਦਿੱਤਾ ਹੈ। ਜਦੋਂ ਉਸ ਨੇ ਆਪਣੇ ਪਿਤਾ ਨੂੰ ਪੁੱਛਿਆ ਤਾਂ ਉਸ ਦੇ ਪਿਤਾ ਨੇ ਉਸ ਨੂੰ ਚਪੇੜ ਮਾਰਨ ਦੀ ਕੋਸ਼ਿਸ਼ ਕੀਤੀ। ਉਹ ਆਪਣੇ ਗੁਆਂਢੀ ਰਾਜ ਕੁਮਾਰ ਰਾਜੂ ਦੇ ਘਰ ਚਲੀ ਗਈ ਅਤੇ ਉਸ ਨੂੰ ਸਾਰੀ ਗੱਲ ਦੱਸੀ। ਉਹ ਉਸ ਦੀ ਮਾਂ ਨੂੰ ਨਜ਼ਦੀਕੀ ਕੇਸੀਐੱਮ ਹਸਪਤਾਲ ਲੈ ਕੇ ਗਏ ਜਿੱਥੋਂ ਡਾਕਟਰਾਂ ਨੇ ਉਸ ਦੀ ਮਾਂ ਨੂੰ ਰੈਫਰ ਕਰ ਦਿੱਤਾ। ਰਾਤ ਤਕਰੀਬਨ 2 ਵਜੇ ਉਹ ਮਾਂ ਨੂੰ ਚੌਹਾਨ ਹਸਪਤਾਲ ਕੋਟਲੀ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ। ਇਸ ਦੀ ਸੂਚਨਾ ਤਾਰਾਗੜ੍ਹ ਪੁਲਿਸ ਨੂੰ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ’ਤੇ ਆ ਕੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਟਰਮ ਲਈ ਭੇਜ ਦਿੱਤਾ ਅਤੇ ਮੁਲਜ਼ਮ ਕਮਲਦੀਪ ਸ਼ਰਮਾ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



